ਸਮਾਗਮਾਂ ਵਿੱਚ 100 ਵਿਅਕਤੀਆਂ ਦੇ ਇੱਕਠ ਨੂੰ ਦਿੱਤੀ ਪ੍ਰਵਾਨਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਨੇ ਕੋਵਿਡ-19 ਸਬੰਧੀ ਲਗਾਏ ਲਾਕਡਾਊਨ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨਵੇਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੰਨਟੇਨਮੈਂਟ ਜੋਨਾਂ ਵਿੱਚ 31 ਅਕਤੂਬਰ ਤੱਕ ਲਾਕਡਾਊਨ ਜਾਰੀ ਰਹੇਗਾ ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਹਫ਼ਤਾਵਰੀ ਅਤੇ ਰਾਤ ਦੇ ਕਰਫਿਊ ਨੂੰ ਜ਼ਿਲ੍ਹੇ ਅੰਦਰੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਨਟੇਨਮੈਂਟ ਜੋਨ ਨੂੰ ਛੱਡ ਕੇ ਹੋਰ ਥਾਵਾਂ ’ਤੇ ਦੁਕਾਨਾਂ, ਰੈਸਟੋਰੈਂਟ, ਹੋਟਲ, ਸ਼ਰਾਬ ਦੇ ਠੇਕੇ ਆਦਿ ਨੂੰ ਕਿਸ ਦਿਨ ਅਤੇ ਕਿੰਨੇ ਸਮੇਂ ਲਈ ਖੋਲ੍ਹਣ ਸਬੰਧੀ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੰਨਟੇਨਮੈਂਟ ਜ਼ੋਨ ਨੂੰ ਛੱਡ ਕੇ ਹੋਰਨਾਂ ਥਾਵਾਂ ’ਤੇ ਸਮਾਜਿਕ, ਅਕਾਦਮਿਕ, ਖੇਡਾਂ, ਮਨੋਰੰਜਨ, ਸਭਿਆਚਾਰਕ, ਧਾਰਮਿਕ, ਰਾਜਨੀਤਿਕ ਪ੍ਰੋਗਰਾਮ ਅਤੇ ਹੋਰ ਇਕੱਠਾਂ ਵਿੱਚ 100 ਵਿਅਕਤੀ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਬੱਸਾਂ ਸਮੇਤ ਹਰ ਤਰ੍ਹਾਂ ਦੇ ਵਾਹਨਾਂ ਵਿੱਚ ਹੁਣ ਯਾਤਰੀਆਂ ਦੀ ਸਮਰੱਥਾ ਸਬੰਧੀ ਕੋਈ ਵੀ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਯਾਤਰਾ ਸਮੇਂ ਯਾਤਰੀਆਂ ਦੇ ਮਾਸਕ ਲੱਗੇ ਹੋਣੇ ਲਾਜ਼ਮੀ ਹਨ ਅਤੇ ਤਾਕੀਆਂ ਖੁਲ੍ਹੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ ’ਤੇ ਜਿਵੇਂ ਕੰਮ ਵਾਲੇ ਸਥਾਨ ਅਤੇ ਟਰਾਂਸਪੋਰਟ ਦੌਰਾਨ ਲੋਕਾਂ ਨੂੰ ਮਾਸਕ ਲਗਾ ਕੇ ਰੱਖਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚਕਾਰ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ। ਦੁਕਾਨਦਾਰ ਗਾ੍ਰਹਕਾਂ ਵਿੱਚ ਨਿਰਧਾਰਿਤ ਫਾਸਲਾ ਬਣਾਈ ਰੱਖਣਾ ਯਕੀਨੀ ਬਣਾਉਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜਨਤਕ ਥਾਵਾਂ ’ਤੇ ਥੁੱਕਣ ਵਾਲੇ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ੁਰਮਾਨਾ ਅਤੇ ਸਜਾ ਵੀ ਦਿੱਤੀ ਜਾ ਸਕਦੀ ਹੈ। ਜਿੱਥੋਂ ਤੱਕ ਹੋ ਸਕੇ ਘਰ ਤੋਂ ਹੀ ਕੰਮ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ। ਕਾਮਨ ਏਰੀਆ ਦੇ ਐਂਟਰੀ ਪੁਆਇੰਟਸ ’ਤੇ ਥਰਮਲ ਸਕੈਨਿੰਗ, ਹੈਂਡਵਾਸ਼ ਅਤੇ ਸੈਨੇਟਾਈਜ਼ਰ ਹੋਣੇ ਚਾਹੀਦੇ ਹਨ ਅਤੇ ਨਿਕਾਸੀ ਰਸਤੇ ਵਿੱਚ ਹੈਂਡਵਾਸ਼ ਜਾਂ ਸੈਨੇਟਾਈਜ਼ਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੰਮ ਕਰਨ ਵਾਲੀਆਂ ਥਾਵਾਂ ਜਿਵੇਂ ਦਫ਼ਤਰ, ਦੁਕਾਨਾਂ ਅਤੇ ਉਦਯੋਗਿਕ ਤੇ ਵਪਾਰਕ ਥਾਵਾਂ ’ਤੇ ਕੰਮ ਕਰਨ ਵਾਲੇ ਵਿਅਕਤੀਆਂ ਦੇ ਕੰਮ ਕਰਨ ਦੇ ਘੰਟਿਆਂ ਵਿੱਚ ਵੀ ਅੰਤਰਾਲ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਕੰਮ ਕਰਨ ਵਾਲੀਆਂ ਥਾਵਾਂ, ਆਮ ਸਹੂਲਤਾਂ ਅਤੇ ਉਹ ਸਾਰੇ ਪੁਆਇੰਟ ਜਿਨ੍ਹਾਂ ਦੇ ਸੰਪਰਕ ਵਿੱਚ ਵਿਅਕਤੀ ਆਉਂਦੇ ਹਨ ਜਿਵੇਂ ਦਰਵਾਜੇ ਦੇ ਹੱਥੇ ਆਦਿ ਨੂੰ ਲਗਾਤਾਰ ਸੈਨੇਟਾਈਜ਼ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਹੁਕਮ ਕੀਤਾ ਕਿ ਦਫ਼ਤਰਾਂ ਦੇ ਇੰਚਾਰਜ ਇਹ ਯਕੀਨੀ ਬਣਾਉਣਗੇ ਕਿ ਵਰਕਰਾਂ ਦੀ ਆਪਸ ਵਿੱਚ ਨਿਰਧਾਰਿਤ ਦੂਰੀ ਹੋਵੇ, ਇੱਕ ਸ਼ਿਫ਼ਟ ਤੋਂ ਦੂਜੀ ਸ਼ਿਫ਼ਟ ਦਰਮਿਆਨ ਕੁਝ ਅੰਤਰਾਲ ਹੋਵੇ ਅਤੇ ਦੁਪਹਿਰ ਦੇ ਖਾਣੇ ਵਿੱਚ ਵੀ ਕੁਝ ਅੰਤਰਾਲ ਹੋਵੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਐਸ.ਓ.ਪੀਜ਼ ਅਨੁਸਾਰ ਜਲਦ ਹੀ ਯਾਤਰੀ ਟੇ੍ਰਨਾਂ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ 65 ਸਾਲ ਦੀ ਉਮਰ ਦੇ ਬਜ਼ੁਰਗ ਵਿਅਕਤੀ, ਬਿਮਾਰੀ ਗ੍ਰਸਤ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਸਿਹਤ ਦੇ ਮੱਦੇਨਜ਼ਰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਰਦੇਸ਼ਾਂ ਅਤੇ ਲਾਕਡਾਊਨ ਦੀ ਉਲੰਘਣਾਂ ਕਰਨ ਵਾਲੇ ਵਿਅਕਤੀ ਖ਼ਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 188 ਤਹਿਤ 51 ਤੋਂ 60 ਅਧੀਨ ਕਾਰਵਾਈ ਕੀਤੀ ਜਾਵੇਗੀ।






