ਪੁਲੀਸ ਨੇ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਕਰਨ ਦੀ ਕੀਤੀ ਗੱਲ ।

ਤਰਨ ਤਾਰਨ (ਜਸਬੀਰ ਸਿੰਘ) : ਖੇਮਕਰਨ ਦੇ ਨਜ਼ਦੀਕੀ ਪਿੰਡ ਮਹਿੰਦੀਪੁਰ ਵਿਚ ਕਿਸਾਨ ਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਪਿੰਡ ਮਹਿੰਦੀਪੁਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਜੋ ਦੋਵੇਂ ਆਪਸ ਵਿਚ ਭਰਾ ਹਨ, ਇਨ੍ਹਾਂ ਕੋਲੋ ਕਰੀਬ 6 ਏਕੜ ਜ਼ਮੀਨ ਖਰੀਦੀ ਸੀ । ਜਿਸ ਦੇ ਉਨ੍ਹਾਂ ਕੋਲ ਸਾਰੇ ਕਾਗਜ਼ਾਤ ਹਨ । ਜਮਾਂਬੰਦੀ ਵੀ ਉਨ੍ਹਾਂ ਦੇ ਨਾਂਅ ਹੈ ਅਤੇ ਇਹ ਜ਼ਮੀਨ ਉਨ੍ਹਾਂ ਵਲੋਂ ਬਲਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਠੇਕੇ ਉੱਪਰ ਦਿੱਤੀ ਸੀ । ਪਰ ਬੀਤੇ ਦਿਨੀ ਹਰਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੀ ਫਸਲ ਉੱਪਰ ਰਾਊਂਡ ਅੱਪ ਦਵਾਈ ਦਾ ਛਿੜਕਾਅ ਕਰਕੇ ਉਨ੍ਹਾਂ ਵਲੋਂ ਬੀਜੀ ਝੋਨੇ ਦੀ ਫਸਲ ਖ਼ਰਾਬ ਕਰ ਦਿੱਤੀ ਹੈ । ਜਿਸ ਸੰਬੰਧੀ ਉਨ੍ਹਾਂ ਵਲੋਂ ਥਾਣਾ ਖੇਮਕਰਨ ਸ਼ਿਕਾਇਤ ਕੀਤੀ ਗਈ ਸੀ ।
ਇਸ ਮੌਕੇ ਠੇਕੇ ਤੇ ਜ਼ਮੀਨ ਲੈਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਫ਼ਸਲ ਬੀਜ ਕੇ ਪਾਲ ਪੋਸਕੇ ਤਿਆਰ ਕੀਤੀ ਗਈ ਪਰ ਪਿੰਡ ਦੇ ਕੁਝ ਲੋਕਾਂ ਨੇ ਉਸਦੀ ਫ਼ਸਲ ਖ਼ਰਾਬ ਕਰ ਦਿੱਤੀ ਹੈ । ਜਿਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ।
ਜਦ ਦੂਜੀ ਧਿਰ ਦੇ ਰਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਨ੍ਹਾਂ ਵਲੋਂ ਇਹ ਜ਼ਮੀਨ ਸਵਿੰਦਰ ਸਿੰਘ ਅਤੇ ਜੈਮਲ ਸਿੰਘ ਨੇ 2015 ਵਿਚ ਠੇਕੇ ਤੇ ਦਿੱਤੀ ਗਈ । ਜਿਨ੍ਹਾਂ ਵਲੋਂ ਉਨ੍ਹਾਂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਗਿਆ । ਜਦ ਉਨ੍ਹਾਂ ਕੋਲੋਂ ਪੁੱਛਿਆ ਗਿਆ ਦੂਜੀ ਧਿਰ ਇਸ ਜ਼ਮੀਨ ਉੱਪਰ ਆਪਣੀ ਮਾਲਕੀ ਦੱਸ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੁਝ ਪੈਸਿਆਂ ਦਾ ਦੇਣ ਲੈਣ ਸੀ । ਜਿਸ ਕਰਕੇ ਉਨ੍ਹਾਂ ਕੁਝ ਪੇਪਰਾਂ ਦੇ ਉਨ੍ਹਾਂ ਕੋਲੋਂ ਦਸਤਖ਼ਤ ਕਰਵਾ ਕੇ ਜ਼ਮੀਨ ਆਪਣੇ ਨਾਂਅ ਕਰਵਾ ਲਈ । ਜਿਸ ਸੰਬੰਧੀ ਉਨ੍ਹਾਂ ਕਿਹਾ ਕਿ ਪੁਲੀਸ ਨੂੰ ਵੀ ਦਰਖਾਸਤਾਂ ਦਿੱਤੀਆਂ ਹਨ ਪਰ ਕੋਈ ਹੱਲ ਨਹੀਂ ਨਿਕਲਿਆ ਉਨ੍ਹਾਂ ਕਿਹਾ ਕਿ ਜੋ ਫ਼ਸਲ ਖ਼ਰਾਬ ਹੋਈ ਹੈ ਉਹ ਵੀ ਇਨ੍ਹਾਂ ਖੁਦ ਖ਼ਰਾਬ ਕੀਤੀ ਹੈ ।
ਇਸ ਮਾਮਲੇ ਤੇ ਥਾਣਾ ਖੇਮਕਰਨ ਦੇ ਐੱਸ.ਐੱਚ.ਓ. ਤਰਸੇਮ ਮਸੀਹ ਨੇ ਦਸਿਆ ਕਿ ਉਹ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਹਨ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ।






