ਕੁਲਵਿੰਦਰ ਉੱਡਤ ਅਤੇ ਉਸ ਦੇ ਸਾਥੀਆ ਖਿਲਾਫ਼ ਦਰਜ ਮਾਮਲੇ ਰੱਦ ਨਾ ਕੀਤੇ ਤਾਂ 14 ਸਤੰਬਰ ਨੂੰ ਮੁੜ ਸੰਘਰਸ਼ ਕਰਾਂਗੇ : ਕਾਮਰੇਡ ਸੇਖੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਸ਼ਵਾਸ ਤੇ ਧਰਨਾ ਕੀਤਾ ਮੁਲਤਵੀ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਵੱਖ-ਵੱਖ ਸਿਆਸੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਸੀ.ਪੀ.ਆਈ. (ਐਮ) ਦੇ ਜਿਲ੍ਹਾ ਸਕੱਤਰ ਕਾਮਰੇਡ ਕੁਲਵਿੰਦਰ ਸਿੰਘ ਉੱਡਤ ਅਤੇ ਹੋਰ ਸਾਥੀਆਂ ‘ਤੇ ਦਰਜ ਝੂਠਾ ਮੁਕੱਦਮਾ ਦਰਜ ਕਰਨ ਖਿਲਾਫ਼ ਅਤੇ ਮਾਰਕਸੀ ਪਾਰਟੀ ਦੇ ਜਿਲ੍ਹਾ ਦਫ਼ਤਰ ‘ਤੇ ਹਮਲਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਇਕ ਪੁਲਿਸ ਟਾਊਟ ਖਿਲਾਫ਼ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਥਾਣਾ ਸਿਟੀ 2 ਦਾ ਘਿਰਾਓ ਕਰਕੇ ਕੜਕਦੀ ਧੁੱਪ ਵਿੱਚ ਰੋਸ ਧਰਨਾ ਦਿੱਤਾ ਗਿਆ। ਅੱਜ ਦੇ ਇਸ ਐਕਸ਼ਨ ਵਿੱਚ ਹੋਰਨਾਂ ਆਗੂਆਂ ਤੋਂ ਇਲਾਵਾ ਸੀ.ਪੀ.ਆਈ. (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ।
ਕਾਮਰੇਡ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਸਰਕਾਰਾਂ ਨੇ ਪਾਬੰਦੀਆਂ ਲਾ ਕੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਹੈ ਅਤੇ ਇਸ ਕਰਕੇ ਲੋਕਾਂ ਦਾ ਰਹਿਣ- ਸਹਿਣ ,ਖਾਣ-ਪੀਣ ਅਤੇ ਰੋਜ਼ਮਰਾ ਦੀ ਜਿੰਦਗੀ ਚਲਾਉਣੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਇਸ ਤੋਂ ਇਲਾਵਾ ਉਨ੍ਹਾਂ ਦੇ ਵਪਾਰ- ਕਾਰੋਬਾਰ , ਰੁਜ਼ਗਾਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਇਸ ਸਭ ਲਈ ਸਰਕਾਰਾਂ ਜਿੰਮੇਵਾਰ ਹਨ ਪਰੰਤੂ ਸਰਕਾਰਾਂ ਇਸ ਔਖੀ ਘੜੀ ਵਿੱਚ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ‘ਤੇ ਟੈਕਸਾਂ ਦਾ ਬੋਝ ਪਾ ਰਹੀਆਂ ਹਨ। ਲੋਕ ਵਿਰੋਧੀ ਫੈਸਲੇ ਲੈ ਰਹੀਆਂ ਹਨ । ਖੇਤੀ ਖੇਤਰ ਨਾਲ ਸਬੰਧਤ ਤਿੰਨ ਆਰਡੀਨੈਂਸ ਲਾਗੂ ਹੋਣ ਨਾਲ ਇਕੱਲੇ ਕਿਸਾਨ- ਖੇਤ ਮਜ਼ਦੂਰ ਹੀ ਤਬਾਹ ਨਹੀਂ ਹੋਣਗੇ ਸਗੋਂ ਵਪਾਰ ਸਮੇਤ ਦੇਸ਼ ਦੀ ਆਰਥਿਕਤਾ ਬਰਬਾਦ ਹੋ ਜਾਵੇਗੀ ।
ਕਾਮਰੇਡ ਸੇਖੋਂ ਨੇ ਕਿਹਾ ਕਿ ਕਰੋਨਾ ਦੀ ਬਹਾਨੇ ਸਰਕਾਰਾਂ ਜਮਹੂਰੀਅਤ ਦਾ ਘਾਣ ਕਰ ਰਹੀਆਂ ਹਨ। ਸੰਘਰਸ਼ਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ। ਪਬਲਿਕ ਸੈਕਟਰ ਵੇਚਿਆ ਜਾ ਰਿਹਾ ਹੈ। ਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਕਿਰਤੀਆਂ ਦੇ ਸ਼ੋਸਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਪੱਧਰ ‘ਤੇ ਵੱਖ-ਵੱਖ ਵਰਗਾਂ ਦੇ ਉੱਠ ਰਹੇ ਸੰਘਰਸ਼ ਹਾਕਮਾਂ ਦਾ ਜਿਉਣਾ ਹਰਾਮ ਕਰਕੇ ਰੱਖ ਦੇਣਗੇ ।
ਕਮਿਊਨਿਸਟ ਆਗੂ ਨੇ ਜਿਲ੍ਹਾ ਪੁਲਿਸ ਮੁੱਖੀ ਮਾਨਸਾ ਵੱਲੋਂ ਪਿਛਲੇ ਦਿਨੀਂ ਮਾਨਸਾ ਦੀ ਸਿਟੀ ਥਾਣਾ 2 ਦੀ ਪੁਲਿਸ ਵੱਲੋਂ ਦਰਜ ਕੀਤਾ ਝੂਠਾ ਮੁਕੱਦਮਾ ਰੱਦ ਕਰਨ ਅਤੇ ਇਸ ਮਾਮਲੇ ਵਿੱਚ ਇੰਨਸਾਫ ਦੇਣ ਦੇ ਦਿੱਤੇ ਭਰੋਸੇ ਦੇ ਬਾਅਦ ਐਲਾਨ ਕੀਤਾ ਕਿ ਜੇਕਰ ਇਸ ਮਾਮਲੇ ਵਿੱਚ ਅਮਲ ਵਿੱਚ ਕੁੱਝ ਨਾ ਕੀਤਾ ਗਿਆ ਤਾਂ ਪਾਰਟੀ 14 ਸਤੰਬਰ ਤੋਂ ਬਾਅਦ ਮੁੜ ਤੋਂ ਸੰਘਰਸ਼ ਆਰੰਭ ਕਰ ਦੇਵੇਗੀ। ਰੋਸ ਧਰਨੇ ਨੂੰ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ , ਸੀ.ਪੀ.ਆਈ. (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ , ਸੀ.ਪੀ.ਆਈ. (ਐਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸਵਰਨਜੀਤ ਸਿੰਘ ਦਲਿਓ , ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਸੂਬਾ ਪ੍ਰਧਾਨ ਬੀਬੀ ਹਰਜੀਤ ਕੌਰ ਪੰਜੋਲਾ , ਡੀ.ਵਾਈ.ਐਫ.ਆਈ. ਦੇ ਸੂਬਾ ਪ੍ਰਧਾਨ ਡਾਕਟਰ ਗੁਰਵਿੰਦਰ ਸਿੰਘ , ਐਸ.ਐਫ.ਆਈ ਦੇ ਸੂਬਾ ਕਮੇਟੀ ਮੈਂਬਰ ਮਾਨਵ ਮਾਨਸਾ , ਕਾਮਰੇਡ ਘਣਸ਼ਾਮ ਦਾਸ ਨਿੱਕੂ ,ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਡਾ ਧੰਨਾ ਮੱਲ ਗੋਇਲ ,ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੋਸ਼ ਲਗਾਇਆ ਕਿ ਨਸ਼ੇ ਸ਼ਰੇਆਮ ਵਿੱਕ ਰਹੇ ਹਨ ਅਤੇ ਹੋਰ ਗੈਰ ਸਮਾਜੀ ਅਨਸਰ ਨਿੱਤ ਦਿਨ ਮਾੜੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਪਰੰਤੂ ਸਰਕਾਰਾਂ ਅਤੇ ਪੁਲਿਸ ਮੂਕ ਦਰਸ਼ਕ ਬਣੀਆਂ ਬੈਠੀਆਂ ਹਨ ਅਤੇ ਇਸਦੇ ਉਲਟ ਲੋਕ ਘੋਲਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਝੂਠੇ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਆਗੂ ਰਹਿਤ ਕੀਤਾ ਜਾ ਰਿਹਾ ਹੈ , ਜਿਸਦੇ ਹਾਕਮਾਂ ਅਤੇ ਪੁਲਿਸ ਨੂੰ ਬੁਰੇ ਸਿੱਟੇ ਭੁਗਤਣੇ ਪੈਣਗੇ ।
ਇਸ ਮੌਕੇ ਆਗੂਆਂ ਨੇ ਜਿਲ੍ਹਾ ਮੈਜਿਸਟ੍ਰੇਟ ਸਾਹਿਬ ਮਾਨਸਾ ਦੇ ਨਾਮ ਇੱਕ ਮੰਗ ਪੱਤਰ ਤਹਿਸੀਲਦਾਰ ਅਮਰਜੀਤ ਸਿੰਘ ਮਾਨਸਾ,ਡੀਐਸਪੀ ਮਾਨਸਾ ਹਰਜਿੰਦਰ ਸਿੰਘ ਗਿੱਲ ਨੂੰ ਦਿੱਤਾ ਅਤੇ ਮੰਗ ਕੀਤੀ ਕਿ ਕਮਿਊਨਿਸਟ ਆਗੂਆਂ ਦੀ ਬਿਨਾਂ ਸ਼ਰਤ ਜੇਲ੍ਹ ਤੋਂ ਰਿਹਾਈ ਕੀਤੀ ਜਾਵੇ , ਸੀ ਪੀ ਐਮ ਦੇ ਜਿਲ੍ਹਾ ਮਾਨਸਾ ਦਫ਼ਤਰ ‘ਤੇ ਹਮਲਾ ਕਰਨ ਵਾਲੇ ਅਤੇ ਕਮਿਊਨਿਸਟ ਆਗੂਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਇੱਕ ਪੁਲਿਸ ਟਾਊਟ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਐਫ ਆਈ ਆਰ ਨੰਬਰ157/2020 ਥਾਣਾ ਸਿਟੀ 2 ਮਾਨਸਾ ਨੂੰ ਖਾਰਜ ਕੀਤਾ ਜਾਵੇ ।
ਸਾਥੀ ਕੁਲਵਿੰਦਰ ਸਿੰਘ ਉੱਡਤ ਦੇ ਪਿੰਡੋਂ ਉੱਡਤ ਭਗਤ ਰਾਮ ਤੋਂ ਸੈਂਕੜੇ ਲੋਕੀ ਵਹੀਰਾਂ ਘੱਤ ਕੇ ਪੁੱਜੇ । ਸਟੇਜ ਸੈਕਟਰੀ ਦੀ ਭੂਮਿਕਾ ਘਣਸ਼ਾਮ ਦਾਸ ਨਿੱਕੂ ਨੇ ਨਿਭਾਈ ।






