ਰਾਗੀ, ਢਾਡੀ, ਕਵੀਸ਼ਰ, ਗ੍ਰੰਥੀ ਸਿੰਘਾਂ, ਕਲਾਕਾਰਾਂ ਅਤੇ ਵਿਧਵਾ ਔਰਤਾਂ ਨੂੰ ਵੰਡੀਆਂ ਜਾਣਗੀਆਂ 550 ਕਿੱਟਾਂ – ਲੂੰਬਾ

ਮੋਗਾ (ਹਰਪਾਲ ਸਹਾਰਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੇ ਆਦੇਸ਼ਾਂ ਅਨੁਸਾਰ ਲਾਕਡਾਊਨ ਦੌਰਾਨ ਜਿੰਨਾਂ ਲੋਕਾਂ ਦੇ ਕਾਰੋਬਾਰ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ, ਉਹਨਾਂ ਰਾਗੀ, ਢਾਡੀ, ਕਵੀਸ਼ਰ, ਗ੍ਰੰਥੀ ਸਿੰਘਾਂ ਅਤੇ ਵਿਧਵਾ ਔਰਤਾਂ ਦੇ 550 ਪਰਿਵਾਰਾਂ ਨੂੰ ਇਸ ਮਹੀਨੇ ਰਾਸ਼ਨ ਕਿੱਟਾਂ ਦਿੱਤੀਆਂ ਜਾਣਗੀਆਂ । ਇਸ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵਿਖੇ ਅੱਜ ਸਾਦਾ ਸਮਾਗਮ ਦੌਰਾਨ 70 ਦੇ ਕਰੀਬ ਲੋੜਵੰਦ ਢਾਡੀ ਅਤੇ ਕਵੀਸ਼ਰ ਪਰਿਵਾਰਾਂ ਨੂੰ ਪਹਿਲਾਂ ਬਣਾਈਆਂ ਗਈਆਂ ਲਿਸਟਾਂ ਅਨੁਸਾਰ ਰਾਸ਼ਨ ਤਕਸੀਮ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਟਰੱਸਟ ਵੱਲੋਂ ਅਪ੍ਰੈਲ ਮਹੀਨੇ ਵਿੱਚ 25 ਹਜਾਰ, ਮਈ ਮਹੀਨੇ ਵਿੱਚ 30 ਹਜਾਰ, ਜੁਲਾਈ ਮਹੀਨੇ ਵਿੱਚ 40 ਹਜਾਰ ਅਤੇ ਇਸ ਮਹੀਨੇ ਵੀ 40 ਹਜਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਦੇ ਹੁਕਮਾਂ ਅਨੁਸਾਰ ਮੋਗਾ ਜ਼ੀਰਾ ਦੇ ਲੋੜਵੰਦ ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਗ੍ਰੰਥੀ ਸਿੰਘਾਂ, ਵਿਧਵਾ ਔਰਤਾਂ ਅਤੇ ਲੋੜਵੰਦ ਪਰਿਵਾਰਾਂ ਦੀਆਂ ਲਿਸਟਾਂ ਬਣਾ ਕੇ ਭੇਜੀਆਂ ਗਈਆਂ ਸਨ, ਜਿਸ ਅਨੁਸਾਰ ਮੋਗਾ ਜ਼ਿਲਾ ਵਿੱਚ ਇਸ ਮਹੀਨੇ 550 ਰਾਸ਼ਨ ਕਿੱਟਾਂ ਉਹਨਾਂ ਵੱਲੋਂ ਭੇਜੀਆਂ ਗਈਆਂ ਸਨ, ਜਿੰਨਾਂ ਨੂੰ ਵੰਡਣ ਦਾ ਕੰਮ ਜਾਰੀ ਹੈ ਤੇ ਅੱਜ 70 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾ ਦਿੱਤੀਆ ਗਈਆਂ ਹਨ। ਇਸ ਮੌਕੇ ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਅਤੇ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਦੁਨੀਆ ਵਿੱਚ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ ਤੇ ਇਹ ਸਹਾਇਤਾ ਉਹਨਾਂ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਜਿੱਥੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਨੂੰ 20 ਵੈਂਟੀਲੇਟਰ, ਤਿੰਨ ਲੱਖ ਟ੍ਰਿਪਲ ਲੇਅਰ ਮਾਸਕ, 20 ਹਜਾਰ ਐਨ 95 ਮਾਸਕ, 13 ਹਜਾਰ ਪੀ.ਪੀ.ਈ. ਕਿੱਟਾਂ, ਥਰਮਲ ਸਕੈਨ ਥਰਮਾਮੀਟਰ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਗਏ ਹਨ, ਉਥੇ ਆਮ ਲੋਕਾਂ ਨੂੰ ਅਪ੍ਰੈਲ ਮਹੀਨੇ ਤੋਂ ਲੈ ਕੇ ਹਰ ਮਹੀਨੇ ਲੱਖਾਂ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਵੱਖਰਾ ਮੀਲ ਪੱਥਰ ਗੱਡਿਆ ਹੈ । ਇਸ ਮੌਕੇ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਇਹ ਰਾਸ਼ਨ ਸਿਰਫ ਲੋੜਵੰਦ ਪਰਿਵਾਰਾਂ ਨੂੰ ਹੀ ਮਿਲੇ ਤਾਂ ਜੋ ਡਾ. ਉਬਰਾਏ ਜੀ ਦੀ ਆਪਣੀ ਮਿਹਨਤ ਦੀ ਕਮਾਈ ਦੀ ਸਹੀ ਵਰਤੋਂ ਹੋ ਸਕੇ । ਇਸ ਮੌਕੇ ਢਾਡੀ ਕਲਾ ਬਚਾਓ ਮੰਚ ਜ਼ਿਲਾ ਮੋਗਾ ਦੇ ਮੁੱਖ ਸੇਵਾਦਾਰ ਸਾਧੂ ਸਿੰਘ ਧੰਮੂ ਨੇ ਡਾ. ਐਸ.ਪੀ. ਸਿੰਘ Àਬਰਾਏ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਕਿਹਾ ਕਿ ਡਾ. ਉਬਰਾਏ ਜੀ ਨੇ ਸਾਡੀ ਮੁਸ਼ਕਿਲ ਨੂੰ ਸਮਝਦਿਆਂ ਸਾਡੀ ਜੋ ਮੱਦਦ ਕੀਤੀ ਹੈ, ਉਸਦਾ ਦੇਣ ਅਸੀਂ ਕਦੇ ਵੀ ਨਹੀਂ ਦੇ ਸਕਦੇ, ਇਸ ਲਈ ਸਾਡਾ ਸਮੁੱਚਾ ਸਮਾਜ ਅਤੇ ਢਾਡੀ ਕਲਾ ਬਚਾਓ ਮੰਚ ਉਹਨਾ ਦਾ ਸਦਾ ਲਈ ਰਿਣੀ ਰਹੇਗਾ । ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਰਣਜੀਤ ਸਿੰਘ ਧਾਲੀਵਾਲ ਨੇ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਜਲਦ ਇਸ ਮਹਾਂਮਾਰੀ ਦੇ ਖਤਮ ਹੋਣ ਅਤੇ ਜਿੰਦਗੀ ਪਹਿਲਾਂ ਵਾਂਗ ਹੋਣ ਤੇ ਖੁਸ਼ੀਆਂ ਖੇੜੇ ਮੁੜ ਪਰਤਣ ਦੀ ਆਸ ਪ੍ਰਗਟਾਈ । ਇਸ ਮੌਕੇ ਟਰੱਸਟ ਦੇ ਮੁੱਖ ਸਲਾਹਕਾਰ ਗੁਰਸੇਵਕ ਸਿੰਘ ਸੰਨਿਆਸੀ, ਦਫਤਰ ਸਕੱਤਰ ਨਰਜੀਤ ਕੌਰ, ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਦਵਿੰਦਰਜੀਤ ਸਿੰਘ ਗਿੱਲ, ਮਨਮੋਹਨ ਸਿੰਘ ਚੀਮਾ, ਢਾਡੀ ਸਾਧੂ ਸਿੰਘ ਧੰਮੂ, ਜਸਵੀਰ ਕੌਰ ਅਤੇ ਜਸਵੰਤ ਸਿੰਘ ਪੁਰਾਣੇਵਾਲਾ ਆਦਿ ਹਾਜਰ ਸਨ ।





