ਯੂਨੀਅਨ ਆਗੂਆਂ ਅਤੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਕਿਸੇ ਨੇ ਵੀ ਇਸ ਗੱਲ ਉੱਪਰ ਕੰਨ ਨਹੀਂ ਧਰਿਆ ਅਤੇ ਅੱਖਾਂ ਬੰਦ ਕਰ ਲਈਆਂ ਹਨ ।

ਫਿਰੋਜ਼ਪੁਰ/ਗੁਰੂਹਰਸਹਾਏ (ਭੁਪਿੰਦਰ ਸਿੰਘ ਮਹਿਮਾ) : ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਅਤੇ ਡਰੇਨ ਟੁੱਟਣ ਕਾਰਨ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਜਿਲ੍ਹਿਆਂ ਦੀ ਹੱਦ ਨਾਲ ਲੱਗਦੇ ਦਰਜਨਾਂ ਪਿੰਡਾਂ ਵਿੱਚ ਕਿਸਾਨਾਂ ਦੀ ਵੀਹ ਹਜ਼ਾਰ ਦੇ ਕਰੀਬ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ । ਕਿਸਾਨਾਂ ਨੇ ਇਸ ਆਫ਼ਤ ਵਿੱਚੋਂ ਕੱਢਣ ਲਈ ਵੱਖ ਵੱਖ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਪਰ ਕਿਸੇ ਵੱਲੋਂ ਕੋਈ ਵੀ ਗੱਲਬਾਤ ਨਾ ਸੁਣਨ ਤੇ ਅੱਕੇ ਹੋਏ ਕਿਸਾਨਾਂ ਨੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਫਿਰੋਜ਼ਪੁਰ ਨੇੜਲੇ ਪਿੰਡ ਗੁਲਾਮ ਪੱਤਰਾ ਵਿਖੇ ਫ਼ਿਰੋਜ਼ਪੁਰ – ਮੁਕਤਸਰ ਰੋਡ ਉੱਤੇ ਜਾਮ ਲਗਾ ਦਿੱਤਾ ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਇਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਅਤੇ ਫਰੀਦਕੋਟ ਵੱਲੋਂ ਆ ਰਹੀ ਡਰੇਨ ਟੁੱਟਣ ਕਾਰਨ ਫ਼ਿਰੋਜ਼ਪੁਰ ਤੇ ਫ਼ਰੀਦਕੋਟ ਜ਼ਿਲ੍ਹੇ ਦੇ ਮੋਹਰੇ ਵਾਲਾ, ਧੀਰਾ ਪੱਤਰਾ, ਗੁਲਾਮ ਪੱਤਰਾ, ਚੂੜ ਖਿਲਚੀਆਂ, ਨਸੀਰਾਂ ਖਲਚੀਆਂ, ਰੋੜਾਂ ਵਾਲਾ, ਮਹਿਮਾ, ਮੁਮਾਰਾ, ਡੋਡ, ਸੰਗਰਾਹੂਰ, ਬੁੱਟਰ, ਕਿਲੀ ਆਦਿ ਸਮੇਤ ਦਰਜਨਾਂ ਪਿੰਡਾਂ ਦੀ ਕਰੀਬ ਵੀਹ ਹਜ਼ਾਰ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ ਜੋ ਬਰਬਾਦ ਹੋਣ ਦੇ ਕੰਢੇ ਤੇ ਹੈ । ਉਨ੍ਹਾਂ ਕਿਹਾ ਕਿ ਯੂਨੀਅਨ ਆਗੂਆਂ ਅਤੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਕਿਸੇ ਨੇ ਵੀ ਇਸ ਗੱਲ ਉੱਪਰ ਕੰਨ ਨਹੀਂ ਧਰਿਆ ਅਤੇ ਅੱਖਾਂ ਬੰਦ ਕਰ ਲਈਆਂ ਹਨ । ਉਨ੍ਹਾਂ ਕਿਹਾ ਕਿ ਪਿੰਡ ਰੋੜਾਂਵਾਲਾ ਅਤੇ ਮਹਿਮਾ ਵਿਖੇ ਲਗਾਈਆਂ ਗਈਆਂ ਪਾਣੀ ਚੁੱਕਣ ਵਾਲੀਆਂ ਦੋ ਮੋਟਰਾਂ ਨਾ ਕਾਫੀ ਹਨ ਤੇ ਕਿਸਾਨਾਂ ਵੱਲੋਂ ਜ਼ਿਆਦਾ ਗਿਣਤੀ ਵਿੱਚ ਵੱਡੀਆਂ ਮੋਟਰਾਂ ਅਤੇ ਪੱਖਿਆਂ ਦੀ ਮੰਗ ਕੀਤੀ ਜਾ ਰਹੀ ਹੈ । ਕਿਸਾਨਾਂ ਦੀ ਫ਼ਸਲ ਪੱਕਣ ਲਈ ਬਿਲਕੁਲ ਤਿਆਰ ਹੈ ਅਤੇ ਅਜਿਹੇ ਵਿਚ ਜੇਕਰ ਜ਼ਿਆਦਾ ਦਿਨ ਪਾਣੀ ਨਹੀਂ ਕੱਢਿਆ ਜਾਂਦਾ ਤਾਂ ਫਸਲ ਪੂਰੀ ਤਰਾਂ ਬਰਬਾਦ ਹੋ ਜਾਵੇਗੀ ਜਿਸ ਨਾਲ ਪਹਿਲਾਂ ਤੋਂ ਹੀ ਆਰਥਿਕ ਬੋਝ ਝੱਲ ਰਹੇ ਕਿਸਾਨਾਂ ਨੂੰ ਵੱਡੀ ਮਾਰ ਪਵੇਗੀ ।
ਵੱਖ ਵੱਖ ਪਿੰਡਾਂ ਤੋਂ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵੱਧ ਤੋਂ ਵੱਧ ਅਧਿਕਾਰੀਆਂ ਨੂੰ ਇਸ ਆਫਤ ਨਾਲ ਨਜਿੱਠਣ ਲਈ ਤਾਇਨਾਤ ਕਰਜੇ ਕਿਸਾਨਾਂ ਦੀ ਮੁਸ਼ਕਲ ਨੂੰ ਤੁਰੰਤ ਹੱਲ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਫ਼ਸਲ ਬਰਬਾਦ ਹੁੰਦੀ ਹੈ ਅਤੇ ਇਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਨਾ ਹੋਣ ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਸੁਖਦੇਵ ਸਿੰਘ ਮਹਿਮਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਆਗੂ ਗੁਲਜ਼ਾਰ ਸਿੰਘ ਕਬਰ ਵੱਛਾ ਨੇ ਵੀ ਸੰਬੋਧਨ ਕੀਤਾ ।






