2022 ਚ ਪੰਜਾਬ ਦੀ ਰਾਜਨੀਤੀ ਦੀ ਰੂਪ ਰੇਖਾ ਵਿਲੱਖਣ ਹੋਵੇਗੀ : ਰਾਮੂਵਾਲੀਆ

ਬਰਨਾਲਾ ( ਕਰਨਪਰੀਤ ਧੰਦਰਾਲ) : ਜੇਕਰ ਪੰਜਾਬ ਦੇ ਪਿਛਲੇ ਚਾਰ ਦਹਾਕਿਆਂ ਦੌਰਾਨ ਪੰਜਾਬ ਦੀ ਤਰਸਯੋਗ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਵੱਧ ਘਾਣ ਤੇ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਤੇ ਜਿੰਨ੍ਹਾਂ ਨਿਜੀ ਹਿੱਤਾਂ ਦੀ ਰਾਜਨੀਤੀ ਕਰਕੇ ਜਿੱਥੇ ਪੰਜਾਬ ਦੀ ਜਵਾਨੀ ਨੂੰ ਨਕਾਰਾ ਕਰ ਦਿੱਤਾ ਉੱਥੇ ਸ਼ਹੀਦਾਂ ਦੇ ਖੂਨ ਨਾਲ ਸਿੰਜੋਏ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੀ ਨਿੱਜੀ ਪਰਿਵਾਰਕ ਕੰਪਨੀ ਬਣਾ ਕੇ ਰੱਖ ਦਿੱਤਾ ਹੈ । ਇਨ੍ਹਾਂ ਸਬਦਾਂ ਦਾ ਪ੍ਹਗਟਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰ ਪ੍ਹਦੇਸ ਵਿਧਾਨ ਸਭਾ ਦੇ ਮੈਂਬਰ ਸ੍. ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰੈੱਸ ਨਾਲ ਵਿਚਾਰ ਸਾਂਝੇ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸਿੱਖਾਂ ਦੀ ਦੁਸਮਣ ਜਮਾਤ ਕਾਂਗਰਸ ਦੇ ਨਾਲ-ਨਾਲ ਬਾਦਲ ਪਰਿਵਾਰ ਨੂੰ ਵੀ ਪੰਥ ਅਤੇ ਰਾਜਨੀਤੀ ਤੋਂ ਲਾਂਭੇ ਕੀਤੇ ਬਿਨਾਂ ਪੰਜਾਬ ਦਾ ਕਿਸੇ ਵੀ ਤਰ੍ਹਾਂ ਭਲਾ ਨਹੀਂ ਹੋ ਸਕਦਾ । ਰਾਮੂਵਾਲੀਆ ਨੇ ਕਿਹਾ ਕਿ ਅੱਜ ਬਾਦਲ ਪਰਿਵਾਰ ਤੇ ਕਾਂਗਰਸ ਦੀ ਘਟੀਆ ਤੇ ਗੰਧਲੀ ਰਾਜਨੀਤੀ ਤੋਂ ਲੋਕ ਨੱਕੋ ਨੱਕ ਭਰੇ ਪਏ ਹਨ ਤੇ ਇਨ੍ਹਾਂ ਹਾਲਾਤਾਂ ‘ਚ ਮਿਸ਼ਨ ਅੰਦੋਲਨ ਹੀ ਪੰਜਾਬ ਦੀ ਭਲਾਈ ਕਰਨ ਲਈ ਨਿਰਪੱਖ ਤੇ ਜਾਨਦਾਰ ਭੂਮਿਕਾ ਨਿਭਾ ਸਕਦਾ ਹੈ । ਉਨ੍ਹਾਂ ਕਿਹਾ ਕਿ ਲੋਕ ਭਲਾਈ ਮਿਸ਼ਨ ਵਲੋਂ ਪੰਜਾਬ ਅੰਦਰ ਢੀਂਡਸਾ ਮਿਸ਼ਨ ਅੰਦੋਲਨ ਦੀ ਅਗਵਾਈ ‘ਚ ਇਕ ਤੀਜੀ ਸ਼ਕਤੀਸ਼ਾਲੀ ਧਿਰ ਦੀ ਸਥਾਪਤੀ ਲਈ ਸਾਂਝਾ ਏਕਤਾ ਮੋਰਚਾ ਕਾਇਮ ਕੀਤਾ ਜਾਵੇਗਾ, ਜਿਸ ਵਿਚ ਬਾਦਲ ਪਰਿਵਾਰ ਤੇ ਕਾਂਗਰਸ ਨੂੰ ਪੰਜਾਬ ਦੀ ਸੱਤਾ ਤੋਂ ਲਾਂਭੇ ਕਰਨ ਵਾਲੀਆਂ ਸਭ ਸਿਆਸੀ ਧਿਰਾਂ ਤੇ ਆਗੂਆਂ ਨੂੰ ਨਾਲ ਲੈ ਕੇ ਇਕ ਸਾਂਝੀ ਲੜਾਈ ਲੜੀ ਜਾਵੇਗੀ ਜਿਸ ਸਦਕਾ 2022 ਚ ਪੰਜਾਬ ਦੀ ਰਾਜਨੀਤੀ ਦੀ ਰੂਪ ਰੇਖਾ ਵਿਲੱਖਣ ਹੋਵੇਗੀ ਤੇ ਆਪ ਦੇ ਪੰਜਾਬ ਵਿਚ ਤੀਜੇ ਬਦਲ ਵਜੋਂ ਉੱਭਰ ਕੇ ਮੂਧੇ ਮੁੰਹ ਡਿੱਗਣ ਦਾ ਜਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਭਗਵੰਤ ਮਾਨ ਤੋਂ ਬਿਨਾਂ ਆਪ ਕੋਲ ਕੋਈ ਹੋਰ ਸਿੱਕੇਬੰਦ ਆਗੂ ਨਹੀਂ ਜਿਸ ਕਾਰਣ ਪਾਰਟੀ ਦੇ ਪੈਰ ਉੱਖੜੇ ਚੰਗੇ ਤੇ ਤਜਰਬੇਕਾਰ ਰਾਜਨੀਤਕਾਂ ਤੋਂ ਸੱਖਣੀ ਆਪ ਪਾਰਟੀ ਤੀਜੇ ਬਦਲ ਦਾ ਮਾਰਕਾ ਨਹੀਂ ਮਾਰ ਸਕੀ । ਵਿਦੇਸਾਂ ਚ ਪੰਜਾਬ ਦੀਆਂ ਮਾਵਾਂ ਦੇ ਰੁਲਦੇ ਧੀਆਂ ਪੁੱਤਾਂ ਨੂੰ ਮੋਤ ਦੇ ਮੁੰਹਾਂ ਚ ਕੱਢ ਕੇ ਲਿਆਉਣਾ ਮੇਰੀ ਸਮਾਜਿਕ ਜਿੰਮੇਵਾਰੀ ਤਹਿਤ ਨਿਰੰਤਰ ਰਾਬਤਾ ਕਾਇਮ ਕੀਤਾ ਜਾਂਦਾ ਰਹੇਗਾ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੋਕ ਚੇਤਨਾਂ ਲਹਿਰ ਰਾਹੀਂ ਸੂਬੇ ਦੇ ਲੋਟੂ ਏਜੰਟਾਂ ਤੇ ਸਿਕੰਜਾਂ ਕਸਿਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੀ ਆਰਥਿਕ ਲੁੱਟ ਬੰਦ ਹੋ ਸਕੇ। ਰਾਮੂਵਾਲੀਆ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਆਰਡੀਨੈਂਸਾਂ ਪ੍ਰਤੀ ਤਿੱਖੇ ਸ਼ਬਦਾਂ ‘ਚ ਵਿਰੋਧ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਲੋਕ ਭਲਾਈ ਮਿਸ਼ਨ ਇਸ ਮਸਲੇ ‘ਚ ਸੰਘਰਸ਼ ਕਰ ਰਹੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗਾ।





