ਘਟਨਾ ਦੀ ਜਾਂਚ ਕਰ ਰਹੇ ਏ.ਐੱਸ.ਆਈ. ਰਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਤਰਨਤਾਰਨ (ਜਸਬੀਰ ਸਿੰਘ) : ਪਿੰਡ ਬਾਹਮਣੀਵਾਲਾ ਵਿਖੇ ਤਿੰਨ ਅਨਜਾਣ ਬੰਦਿਆਂ ਨੇ ਖੇਤਾਂ ‘ਚ ਕੰਮ ਕਰਦੇ ਪਿਓ ਪੁੱਤ ‘ਤੇ ਅਚਾਨਕ ਗੋਲ਼ੀਆਂ ਚਲਾ ਦਿੱਤੀਆਂ ਜਿਸ ਵਿਚ ਪਿਤਾ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ । ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ । ਇਹ ਮਸਲਾ ਕਿਸੇ ਪੁਰਾਣੀ ਰੰਜਿਸ਼ ਦਾ ਲੱਗਦਾ ਹੈ । ਘਟਨਾ ਦੀ ਜਾਂਚ ਕਰ ਰਹੇ ਏ.ਐੱਸ.ਆਈ. ਰਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਘਟਨਾ ‘ਚ ਜ਼ਖ਼ਮੀ ਹੋਇਆ ਵਿਅਕਤੀ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਹੈ।
ਸੁਰਜੀਤ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਵਾਰਡ ਨੰਬਰ-7 ਪੱਟੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਲੜਕਾ ਕਰਨਬੀਰ ਸਿੰਘ ਖੇਤਾਂ ‘ਚ ਕੰਮ ਕਰ ਰਹੇ ਸੀ। ਇਸ ਦੌਰਾਨ ਤਿੰਨ ਅਣਪਛਾਤੇ ਵਿਅਕਤੀ ਉਨ੍ਹਾਂ ਕੋਲ ਆਏ ਤੇ ਝਗੜਾ ਕਰਨ ਲੱਗ ਪਏ। ਇਸ ਦੌਰਾਨ ਮੁਲਜ਼ਮਾਂ ਵੱਲੋਂ ਚਲਾਈ ਇਕ ਗੋਲ਼ੀ ਸੁਰਜੀਤ ਸਿੰਘ ਦੀ ਲੱਤ ਤੇ ਇਕ ਸੱਜੀ ਬਾਂਹ ‘ਤੇ ਲੱਗੀ । ਰੌਲਾ ਪਾਉਣ ‘ਤੇ ਹਮਲਾਵਰ ਧਮਕੀਆਂ ਦਿੰਦਿਆਂ ਫਰਾਰ ਹੋ ਗਏ। ਸੁਰਜੀਤ ਸਿੰਘ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਦੇ ਲੜਕੇ ਦਾ ਕਿਸੇ ਲੜਕੀ ਦੇ ਮਾਮਲੇ ਤੋਂ ਝਗੜਾ ਹੋਇਆ ਸੀ। ਜਿਸ ਸਬੰਧੀ ਮੋਹਤਬਰ ਲੋਕਾਂ ਨੇ ਰਾਜੀਨਾਮਾਂ ਕਰਵਾ ਦਿੱਤਾ। ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਹਮਲਾਵਰ ਉਨ੍ਹਾਂ ਵੱਲੋਂ ਭੇਜੇ ਹੋ ਸਕਦੇ ਹਨ।






