ਗੱਡੀ ਲੰਘਾਉਣ ਨੂੰ ਲੈ ਕੇ ਇਕ ਹੋਰ ਗੱਡੀ ਵਾਲੇ ਨਾਲ ਹੋਈ ਤਕਰਾਰ । ਤਕਰਾਰ ਇੰਨਾ ਵਧ ਗਿਆ ਕਿ ਦੂਜੀ ਗੱਡੀ ਵਾਲੇ ਨੇ ਗੋਲ਼ੀ ਚਲਾ ਦਿੱਤੀ ।

ਕਲਾਨੌਰ (ਵਰਿੰਦਰ ਰੰਧਾਵਾ) : ਭਗਵਾਨਪੁਰ ਇਲਾਕੇ ਵਿੱਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ ਜਦ ਇਲਾਕੇ ਦੇ ਪ੍ਰਸਿੱਧ ਕਬੱਡੀ ਖਿਡਾਰੀ ਗੁਰਮੇਜ ਸਿੰਘ ਦੇ ਕਤਲ ਦੀ ਖ਼ਬਰ ਪਿੰਡ ਪਹੁੰਚੀ । ਇਸ ਘਟਨਾ ਤੋਂ ਬਾਅਦ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਘਟਨਾ ਸ਼ਾਮ ਸਾਢੇ ਛੇ ਵਜੇ ਦੀ ਹੈ।
ਜਾਣਕਾਰੀ ਅਨੁਸਾਰ ਪ੍ਰਸਿੱਧ ਕਬੱਡੀ ਖਿਡਾਰੀ ਗੁਰਮੇਜ ਸਿੰਘ ਪੁੱਤਰ ਅਮਰੀਕ ਸਿੰਘ ਸਾਬਕਾ ਸਰਪੰਚ ਵਾਸੀ ਪਿੰਡ ਭਗਵਾਨਪੁਰ ਸ਼ਾਮ ਸਮੇਂ ਗੱਡੀ ‘ਤੇ ਆਪਣੀ ਭਰਜਾਈ ਨੂੰ ਲੈਣ ਜਾ ਰਿਹਾ ਸੀ। ਰਸਤੇ ਵਿੱਚ ਗੱਡੀ ਲੰਘਾਉਣ ਨੂੰ ਲੈ ਕੇ ਇਕ ਹੋਰ ਗੱਡੀ ਵਾਲੇ ਨਾਲ ਤਕਰਾਰ ਹੋ ਗਿਆ। ਤਕਰਾਰ ਇੰਨਾ ਵਧ ਗਿਆ ਕਿ ਦੂਜੀ ਗੱਡੀ ਵਾਲੇ ਨੇ ਗੋਲ਼ੀ ਚਲਾ ਦਿੱਤੀ ਜੋ ਗੁਰਮੇਜ ਸਿੰਘ ਦੇ ਲੱਗੀ। ਉਸ ਨੂੰ ਜ਼ਖ਼ਮੀ ਹਾਲਤ ‘ਚ ਬਟਾਲਾ ਦੇ ਹਸਪਤਾਲ ‘ਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਖ਼ਬਰ ਸੁਣਦਿਆਂ ਐੱਸ.ਐੱਸ.ਪੀ. ਰਛਪਾਲ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਦੇ ਆਦੇਸ਼ ਦਿੱਤੇ ਹਨ । ਲੋਕਾਂ ਦਾ ਇਹ ਵੀ ਕਹਿਣਾ ਹੈ ਕੇ ਕਤਲ ਕਰਨ ਵਾਲੇ ਵਿਅਕਤੀ ਪੁਲਿਸ ਮਹਿਕਮੇ ਦੇ ਮੁਲਾਜ਼ਮ ਹਨ।






