ਇਹ ਚੈਂਪੀਅਨਸ਼ਿਪ ਇਸ ਵਾਰ ਪੰਜਾਬ ‘ਚ ਨਹੀਂ ਬਲਕਿ ਯੂਪੀ ਦੇ ਗੋਂਡਾ ਜ਼ਿਲੇ ਵਿੱਚ ਹੋਵੇਗੀ ।

ਜਲੰਧਰ (ਬਿਊਰੋ ਰਿਪੋਰਟ) : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਇਹ ਸੂਚਨਾ ਜਾਰੀ ਕੀਤੀ ਗਈ ਹੈ ਕਿ 65ਵੀਂ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ, ਇਸ ਸਾਲ ਦਸੰਬਰ ਮਹੀਨੇ ਵਿੱਚ ਹੋਵੇਗੀ ਅਤੇ ਇਹ ਚੈਂਪੀਅਨਸ਼ਿਪ ਇਸ ਵਾਰ ਪੰਜਾਬ ‘ਚ ਨਹੀਂ ਬਲਕਿ ਯੂਪੀ ਦੇ ਗੋਂਡਾ ਜ਼ਿਲੇ ਵਿੱਚ ਹੋਵੇਗੀ ।
ਇਸ ਚੈਂਪੀਅਨਸ਼ਿਪ ਸਬੰਧੀ ਤਿਆਰੀਆਂ ਨੂੰ ਲੈ ਕੇ ਪੰਜਾਬ ਕੁਸ਼ਤੀ ਸੰਸਥਾ ਨੇ ਵੀ ਆਪਣੀ ਤਿਆਰੀ ਸ਼ੁਰੂ ਕਰ ਲਈ ਹੈ । ਕੋਰੋਨਾ ਮਹਾਮਾਰੀ ਦੇ ਚਲਦਿਆਂ ਇਸ ਵਾਰੀ ਇਹ ਸਭ ਅਸਾਂ ਨਹੀਂ ਹੋਵੇਗਾ । ਪਹਿਲਵਾਨਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕੇ ਪਹਿਲਵਾਨ ਡੰਮੀ ਦੇ ਨਾਲ ਅਭਿਆਸ ਕਰਨਗੇ । ਬਿਮਾਰੀ ਦਾ ਖ਼ਤਰਾ ਘੱਟ ਹੋਣ ਦੀ ਸੂਰਤ ਵਿੱਚ ਹੀ ਇਕ ਪਹਿਲਵਾਨ ਦੂਜੇ ਪਹਿਲਵਾਨ ਅਭਿਆਸ ਕਰ ਸਕੇਗਾ।
ਪਿਛਲੇ ਸਾਲ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦਾ ਆਯੋਜਨ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਹੋਇਆ ਸੀ ਅਤੇ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ ਓਵਰਆਲ ਤੀਜਾ ਸਥਾਨ ਹਾਸਲ ਕੀਤਾ ਸੀ । ਚੈਂਪੀਅਨਸ਼ਿਪ ਦੀਆਂ ਤਿਆਰੀਆਂ ਨੂੰ ਲੈ ਕੇ 29 ਅਗਸਤ ਨੂੰ ਮੀਟਿੰਗ ਰੱਖੀ ਗਈ ਹੈ।
ਹਰ ਖਿਡਾਰੀ ਨੇ ਇਕ ਬਹੁਤ ਲੰਮਾ ਸਮਾਂ ਮੈਦਾਨ ਤੋਂ ਦੂਰ ਘਰ ਵਿਚ ਬੈਠ ਕੇ ਬਿਤਾਇਆ ਹੈ ਤੇ ਹਰ ਇੱਕ ਖਿਡਾਰੀ ਹੁਣ ਉਕਤਾ ਚੁੱਕਾ ਹੈ। ਚੈਂਪੀਅਨਸ਼ਿਪ ਦਾ ਹਿੱਸਾ ਬਣਨ ਲਈ ਪਹਿਲਵਾਨਾਂ ਨੂੰ ਰਿੰਗ ਵਿਚ ਉਤਰਨਾ ਹੀ ਪਵੇਗਾ। ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪਹਿਲਵਾਨਾਂ ਨੂੰ ਅਭਿਆਸ ਕਰਵਾਇਆ ਜਾਵੇਗਾ।






