ਇਸ ਮਾਮਲੇ ਵਿੱਚ ਥਾਣਾ ਡੇਹਲੋਂ ਦੇ ਇੰਚਾਰਜ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸੰਦੀਪ ਸਿੰਘ ਦੇ ਬਿਆਨਾਂ ਉੱਪਰ ਮੁਲਜ਼ਮਾਂ ਦੇ ਖਿਲਾਫ਼ ਇਰਾਦਾ ਕਤਲ, ਅਸਲਾ ਐਕਟ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਲੁਧਿਆਣਾ,ਜਸਵੀਰ ਰਾਣੂ: ਹੋਟਲ ‘ਚ ਬਰਥ ਡੇ ਮਨਾਉਣ ਆਏ ਨੌਜਵਾਨ ਆਪਸ ‘ਚ ਲੜ ਪਏ ਪਰ ਜਦੋ ਰੋਕਿਆ ਗਿਆ ਤਾਂ ਰਿਸੋਰਟ ਦੀ ਰਿਸੈਪਸ਼ਨ ‘ਤੇ ਪਹੁੰਚੇ ਨੌਜਵਾਨਾਂ ਨੇ ਮੁਲਾਜ਼ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਨਮ ਦਿਨ ਵਾਲੇ ਲੜਕੇ ਨੇ ਆਪਣੇ ਪਿਸਤੌਲ ਨਾਲ ਸਿੱਧੇ ਫਾਇਰ ਕੀਤੇ। ਮੁਲਜ਼ਮ ਨੇ ਗੋਲ਼ੀ ਮਾਰ ਕੇ ਰੈਸਟੋਰੈਂਟ ਦੇ ਇੱਕ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।ਭੂਤਰੀ ਮੰਡੀਰ ਨੇ ਰੈਸਟੋਰੈਂਟ ਦੇ ਮੁਲਾਜ਼ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਪੱਥਰ ਮਾਰ ਕੇ ਸ਼ੀਸ਼ੇ ਤੇ ਹੋਰ ਸਾਮਾਨ ਤੋੜ ਦਿੱਤਾ। ਇਸ ਮਾਮਲੇ ‘ਚ ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਪੋਹੀੜ ‘ਚ ਪੈਂਦੇ ਜੇ-ਨਾਈਨ ਰੈਸਟੋਰੈਂਟ ਦੇ ਰਿਸੈਪਸ਼ਨਿਸਟ ਸੰਦੀਪ ਸਿੰਘ ਦੇ ਬਿਆਨਾਂ ਉੱਪਰ ਐੱਸਬੀਐੱਸ ਨਗਰ ਦੇ ਵਾਸੀ ਅਭਿਜੀਤ ਸਿੰਘ, ਦੁਗਰੀ ਦੇ ਰਹਿਣ ਵਾਲੇ ਜਗਤ ਸਿੰਘ ਅਤੇ ਬਾਬਾ ਨੰਦ ਸਿੰਘ ਨਗਰ ਦੇ ਵਾਸੀ ਜਰਮਨਜੀਤ ਸਿੰਘ, ਮੋਦਿਤ ਸੂਦ, ਕਸ਼ੀਸ਼ ਭਿੰਡਰ ਅਤੇ ਕੁੰਤਲ ਸੱਚਦੇਵਾ ਸਮੇਤ ਕੁਝ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦਿੰਦਿਆਂ ਜੇ ਨਾਈਨ ਰੈਸਟੋਰੈਂਟ ਦੇ ਰਿਸੈਪਸ਼ਨਿਸਟ ਸੰਦੀਪ ਸਿੰਘ ਨੇ ਦੱਸਿਆ ਕਿ ਅਭਿਜੀਤ ਸਿੰਘ ਦੇ ਜਨਮ ਦਿਨ ਸਬੰਧੀ ਸਾਰੇ ਨੌਜਵਾਨ ਅਲੱਗ ਹੱਟ ਵਿੱਚ ਬੈਠ ਕੇ ਪਾਰਟੀ ਕਰ ਰਹੇ ਸਨ। ਕੁਝ ਸਮੇਂ ਬਾਅਦ ਨੌਜਵਾਨ ਰੌਲਾ ਪਾ ਕੇ ਇੱਕ ਦੂਜੇ ਨਾਲ ਗਾਲੀ ਗਲੋਚ ਕਰਨ ਲੱਗ ਪਏ। ਆਪਸ ‘ਚ ਝਗੜਾ ਕਰਦਿਆਂ ਦੇਖ ਰੈਸਟੋਰੈਂਟ ਦੇ ਸਟਾਫ ਨੇ ਉਨ੍ਹਾਂ ਨੂੰ ਰੋਕਿਆ। ਗੁੱਸੇ ‘ਚ ਆਇਆ ਅਭਿਜੀਤ ਸਿੰਘ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਦੀ ਰਿਸੈਪਸ਼ਨ ‘ਤੇ ਪਹੁੰਚਿਆ। ਰਿਸੈਪਸ਼ਨਿਸਟ ਸੰਦੀਪ ਸਿੰਘ ਨੇ ਉਸ ਨੂੰ ਸੋਸ਼ਲ ਡਿਸਪੈਂਸਿੰਗ ਦਾ ਪਾਲਣ ਕਰਨ ਬਾਰੇ ਆਖਿਆ। ਸੰਦੀਪ ਨੇ ਅਭਿਜੀਤ ਅਤੇ ਉਸ ਦੇ ਦੋਸਤਾਂ ਨੂੰ ਰੈਸਟੋਰੈਂਟ ਦੇ ਬੰਦ ਹੋਣ ਦੇ ਸਮੇਂ ਸਬੰਧੀ ਜਾਣਕਾਰੀ ਦਿੱਤੀ ਅਤੇ ਬਿੱਲ ਦੇਣ ਤੋਂ ਬਾਅਦ ਉੱਥੋਂ ਚਲੇ ਜਾਣ ਲਈ ਆਖਿਆ। ਸੰਦੀਪ ਦੇ ਮੁਤਾਬਕ ਭੜਕੇ ਅਭਿਜੀਤ ਨੇ ਆਪਣੀ ਡੱਬ ‘ਚੋਂ ਪਿਸਤੌਲ ਕੱਢੀ ਅਤੇ ਸਿੱਧੀਆਂ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਰਿਸੈਪਸ਼ਨ ਦੇ ਹੀ ਲਾਗੇ ਖੜ੍ਹੇ ਦਵਿੰਦਰ ਸਿੰਘ ਨਾਮ ਦੇ ਮੁਲਾਜ਼ਮ ਦੇ ਖੱਬੇ ਮੋਢੇ ‘ਤੇ ਗੋਲ਼ੀ ਲੱਗੀ ਤੇ ਉਹ ਲਹੂ ਲੁਹਾਨ ਹੋ ਕੇ ਹੇਠਾਂ ਡਿੱਗ ਪਿਆ। ਭੜਕੀ ਹੋਈ ਮੰਡੀਰ ਨੇ ਰੈਸਟੋਰੈਂਟ ਦੀ ਤੋੜ ਭੰਨ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੁਲਾਜ਼ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਗੋਲ਼ੀ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋਏ ਦਵਿੰਦਰ ਸਿੰਘ ਨੂੰ ਦਇਆਨੰਦ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖਮੀ ਹੋਏ ਬਾਕੀ ਮੁਲਾਜ਼ਮ ਵੀ ਸ਼ਹਿਰ ਦੇ ਅਲੱਗ ਅਲੱਗ ਹਸਪਤਾਲਾਂ ਵਿੱਚ ਭਰਤੀ ਹਨ ।





