ਵਿਆਹ ਦੀਆਂ ਖੁਸ਼ੀਆਂ ਚ ਛਾਇਆ ਮਾਤਮ

ਫਿਰੋਜ਼ਪੁਰ (ਸੰਦੀਪ ਸਹਿਗਲ)- :-ਜਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਕਸਬਾ ਮਮਦੋਟ ਦੇ ਪਿੰਡ ਕੜ੍ਹਮਾਂ ‘ਚ ਉਸ ਵੇਲੇ ਵਿਆਹ ਦੀਆਂ ਖੁਸ਼ੀਆਂ ‘ਚ ਮਾਤਮ ਛਾ ਗਿਆ ਜਦੋਂ ਬਾਰਾਤ ਚੜ੍ਹਨ ਤੋਂ ਕੁਝ ਘੰਟੇ ਪਹਿਲਾਂ ਹੀ ਲਾੜੇ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਦੱਸਣਯੋਗ ਹੈ ਕਿ ਮਮਦੋਟ ਤੋਂ ਸੱਤ ਕਿਲੋਮੀਟਰ ਦੂਰ ਪਿੰਡ ਕੜ੍ਹਮਾਂ ਦੇ ਨੌਜਵਾਨ ਮੋਨੂੰ ਕਪਾਹੀ ਦੀ ਅੱਜ ਬਾਰਾਤ ਚੜ੍ਹਨੀ ਸੀ ਅਤੇ ਸ਼ਨੀਵਾਰ ਨੂੰ ਉਸ ਨੂੰ ਸ਼ਗਨ ਲੱਗਾ ਸੀ, ਪਰ ਬਾਰਾਤ ਚੜ੍ਹਨ ਤੋਂ ਪਹਿਲਾਂ ਹੀ ਰਾਤ ਸਮੇਂ ਕਰੰਟ ਲੱਗਣ ਕਾਰਣ ਲਾੜੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਵਿਆਹ ਵਾਲੇ ਘਰ ਵਿਚ ਲਾੜੇ ਸਮੇਤ ਸਾਰਾ ਪਰਿਵਾਰ ਖੁਸ਼ੀ ਵਿਚ ਨੱਚ ਰਿਹਾ ਸੀ। ਇਸ ਦੌਰਾਨ ਦੇਰ ਰਾਤ ਜਦੋਂ ਪਰਿਵਾਰਕ ਮੈਂਬਰਾਂ ਨੇ ਸੌਣ ਦੀ ਤਿਆਰੀ ਕੀਤੀ ਤਾਂ ਪੱਖੇ ਦੀ ਹਵਾ ਘੱਟ ਹੋਣ ਕਰਕੇ ਲਾੜੇ ਨੇ ਪੱਖੇ ਨੂੰ ਆਪਣੇ ਵੱਲ ਘੁੰਮਾਉਣਾ ਚਾਹਿਆ ਤਾਂ ਪੈਰ ਬਿਜਲੀ ਦੀਆਂ ਤਾਰਾਂ ਦੇ ਜੋੜ ਉੱਪਰ ਆ ਗਿਆ ਅਤੇ ਲਾੜੇ ਨੂੰ ਕਰੰਟ ਲੱਗ ਗਿਆ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਅੱਜ ਹੀ ਪਰਿਵਾਰ ਨੇ ਬਾਰਾਤ ਲੈ ਕੇ ਗਿਆਰਾਂ ਵਜੇ ਜਲਾਲਾਬਾਦ ਨੂੰ ਰਵਾਨਾ ਹੋਣਾ ਸੀ ਕਿ ਅੱਧੀ ਰਾਤ ਨੂੰ ਇਹ ਭਾਣਾ ਵਾਪਰ ਗਿਆ। ਨੌਜਵਾਨ ਪੁੱਤਰ ਦੀ ਪਈ ਲਾਸ਼ ਵੇਖ ਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਧਰ ਇਸ ਮੰਦਭਾਗੀ ਘਟਨਾ ਦਾ ਪਤਾ ਲੱਗਣ ਤੇ ਇਲਾਕੇ ਭਰ ਵਿਚ ਮਾਤਮ ਛਾ ਗਿਆ ਹੈ।






