ਟੋਰਾਂਟੋ, ਬਰੈਂਪਟਨ, ਮਾਰਖਮ, ਏਜੈਕਸ, ਪਿਕਰਿੰਗ, ਕਿਚਨਰ, ਮਿਸੀਸਾਗਾ, ਬਰੈਂਟਫੋਰਡ, ਨਾਰਥ ਯੌਰਕ, ਵਾਹਨ, ਮਿਲਟਨ, ਕੈਲੇਡਨ, ਓਸ਼ਵਾ, ਬਰਲਿੰਗਟਨ, ਬੋਲਟਨ, ਬੈਰੀ ਆਦਿ ਸ਼ਹਿਰਾਂ ਤੋਂ ਇਲਾਵਾ ਟਰੱਕ ਰੂਟਾਂ, ਮੌਲਾਂ, ਇਨਡੋਰ ਅਤੇ ਆਊਟਡੋਰ ਮਾਰਕੀਟਾਂ ਆਦਿ ‘ਚ ਵੀ ਭੀਖ ਮੰਗਦੇ ਇਹ ਲੋਕ ਆਮ ਵੇਖੇ ਜਾ ਸਕਦੇ ਹਨ |

ਟੋਰਾਂਟੋ, ਬਲਪ੍ਰੀਤ ਕੰਗ:- ਟੋਰਾਂਟੋ ਦੇ ਇਲਾਕੇ ਵਿੱਚ ਨਸ਼ੇੜੀਆਂ, ਮੰਗਤਿਆਂ ਅਤੇ ਬੇਘਰੇ ਲੋਕਾਂ ਦੀ ਗਿਣਤੀ ਵਿੱਚ ਤੇਜੀ ਨਾਲ ਨਾਲ ਇਜਾਫਾ ਹੋ ਰਿਹਾ ਹੈ; ਭਾਵੇਂ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਨਸ਼ੇੜੀਆਂ ਅਤੇ ਮੰਗਤਿਆਂ ਨੂੰ ਸਮਝਾ-ਬੁਝਾ ਕੇ ਵਰਜਿਆ ਵੀ ਜਾਂਦਾ ਹੈ ਅਤੇ ਨਸ਼ਿਆਂ ਅਤੇ ਭੀਖ ਮੰਗਣ ਦਾ ਕੰਮ ਛੱਡ ਕੇ ਚੰਗੇ ਸ਼ਹਿਰੀਆਂ ਜਿਹੀ ਜ਼ਿੰਦਗੀ ਜੀਓਣ ਲਈ ਕਦਮ ਵੀ ਪੁੱਟੇ ਜਾਂਦੇ ਹਨ ਪਰ ਇਹ ਲੋਕ ਫਿਰ ਚੌਕਾਂ, ਪਲਾਜ਼ਿਆਂ, ਭੀੜ-ਭੜੱਕੇ ਵਾਲੇ ਇਲਾਕਿਆਂ, ਹਾਈਵੇਅ ‘ਚੋਂ ਨਿਕਲਦੇ ਅਤੇ ਚੜ੍ਹਦੇ ਰੈਂਪਾਂ ਆਦਿ ‘ਤੇ ਖੋਲੋ੍ਹ ਕੇ ਫਿਰ ਇਹ ਭੀਖ ਮੰਗਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ | ਅਜੇ ਤੱਕ ਭਾਵੇਂ ਇਨ੍ਹਾਂ ਭੀਖ ਮੰਗਣ ਵਾਲਿਆਂ ‘ਚ ਗੋਰੇ ਲੋਕਾਂ ਦੀ ਗਿਣਤੀ ਵਧੇਰੇ ਵੇਖਣ ਨੂੰ ਮਿਲ ਰਹੀ ਹੈ ਪਰ ਹੁਣ ਕਿਤੇ-ਕਿਤੇ ਪੰਜਾਬੀ ਵੀ ਭੀਖ ਮੰਗਣ ਦੇ ਇਸ ਕਾਰਜ ‘ਚ ਮੋਹਰੀ ਰੋਲ ਅਦਾ ਕਰਨ ਲੱਗ ਪਏ ਹਨ ਜੋ ਕਿ ਭਾਈਚਾਰੇ ਉੱਤੇ ਕਲੰਕ ਦੀ ਤਰ੍ਹਾਂ ਹੈ | ਇਹ ਵੀ ਵੇਖਣ ‘ਚ ਮਿਲ ਰਿਹਾ ਹੈ ਕਿ ਮਿਡਲ ਈਸਟ ਦੇ ਲੋਕਾਂ ਵਾਂਗ ਸਿਰ ‘ਤੇ ਮੰਡਾਸਾ ਮਾਰ ਕੇ ਨੌਜਵਾਨ ਕੁੜੀਆਂ ਅਤੇ ਔਰਤਾਂ ਗਰੁੱਪਾਂ ‘ਚ ਵੱਖ-ਵੱਖ ਥਾਵਾਂ ‘ਤੇ ਖੋਲੋ੍ਹ ਕੇ ਭੀਖ ਮੰਗਣ ਦਾ ਕੰਮ ਕਰਦੀਆਂ ਹਨ | ਤਾਜ਼ਾ ਅੰਕੜਿਆਂ ਅਨੁਸਾਰ ਇਸ ਸਾਲ ਕੋਰੋਨਾ ਕਾਰਨ ਕੰਮ ਕਾਜ ਬੰਦ ਹੋਣ ‘ਤੇ ਜਿੱਥੇ ਬੇਰੁਜ਼ਗਾਰੀ ਵਧੀ ਹੈ ਉੱਥੇ ਇਨ੍ਹਾਂ ਲੋਕਾਂ ਦੇ ਹੌਸਲੇ ਹੋਰ ਵੀ ਵਧੇ ਹਨ ਕਿਉਂਕਿ ਦੂਜੇ ਪਾਸੇ ਇਹ ਲੋਕ ਕੈਨੇਡਾ ਸਰਕਾਰ ਤੋਂ ਪੈਸੇ ਵੀ ਲੈਂਦੇ ਹਨ ਅਤੇ ਭੀਖ ਮੰਗ ਕੇ ਚੰਗਾ ਚੋਖਾ ਪੈਸਾ ਵੀ ਕਮਾ ਲੈਂਦੇ ਹਨ |




