
ਵੇਲਿੰਗਟਨ, (ਏਜੰਸੀ) : ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਵਿਚ ਹੋਣ ਵਾਲੀ ਆਮ ਚੋਣ ਨੂੰ ਚਾਰ ਹਫ਼ਤੇ ਲਈ ਟਾਲ ਦਿੱਤਾ ਗਿਆ ਹੈ। ਇਸ ਦਾ ਐੋਲਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕੀਤਾ। ਪਹਿਲੇ 19 ਸਤੰਬਰ ਨੂੰ ਚੋਣ ਹੋਣੀ ਸੀ ਪ੍ਰੰਤੂ ਹੁਣ 17 ਅਕਤੂਬਰ ਪਿੱਛੋਂ ਹੀ ਆਮ ਚੋਣ ਹੋ ਸਕੇਗੀ। 102 ਦਿਨਾਂ ਪਿੱਛੋਂ ਪਿਛਲੇ ਹਫ਼ਤੇ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਇਕ ਵਾਰ ਫਿਰ ਇਨਫੈਕਸ਼ਨ ਦਾ ਪਤਾ ਲੱਗਾ ਸੀ ਜਿਸ ਪਿੱਛੋਂ ਉੱਥੇ ਲਾਕਡਾਊਨ ਕਰ ਦਿੱਤਾ ਗਿਆ ਸੀ। ਆਕਲੈਂਡ ਵਿਚ ਐਕਟਿਵ ਕੇਸਾਂ ਦੀ ਗਿਣਤੀ 58 ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨਫੈਕਸ਼ਨ ਵਿਦੇਸ਼ ਤੋਂ ਆਇਆ ਹੈ ਪ੍ਰੰਤੂ ਉਹ ਪਤਾ ਨਹੀਂ ਲਗਾ ਸਕੇ ਕਿ ਇਹ ਕਿਸ ਤਰ੍ਹਾਂ ਦੇਸ਼ ਵਿਚ ਦਾਖ਼ਲ ਹੋਇਆ । ਉਂਝ ਤਾਂ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਕੋਲ ਦੋ ਮਹੀਨੇ ਤਕ ਚੋਣ ਟਾਲਣ ਦਾ ਬਦਲ ਸੀ ਪ੍ਰੰਤੂ ਉਨ੍ਹਾਂ ਨੇ ਇਸ ਮੁੱਦੇ ‘ਤੇ ਆਖਰੀ ਫ਼ੈਸਲਾ ਲੈਣ ਤੋਂ ਪਹਿਲੇ ਸੰਸਦ ਵਿਚ ਪ੍ਰਤੀਨਿਧਤਵ ਕਰਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਬੁਲਾਇਆ ਸੀ। ਪੀਐੱਮ ਨੇ ਸਾਫ਼ ਕੀਤਾ ਕਿ ਭਵਿੱਖ ਵਿਚ ਚੋਣਾਂ ਨੂੰ ਨਹੀਂ ਟਾਲਿਆ ਜਾਵੇਗਾ, ਭਾਵੇਂ ਸਥਿਤੀਆਂ ਕੁਝ ਵੀ ਹੋਣ। ਉਨ੍ਹਾਂ ਕਿਹਾ ਕਿ ਕੋਰੋਨਾ ਨੇ ਦੁਨੀਆ ਭਰ ਵਿਚ ਕਹਿਰ ਵਰ੍ਹਾਇਆ ਹੈ ਪ੍ਰੰਤੂ ਦੱਖਣੀ ਕੋਰੀਆ ਅਤੇ ਸਿੰਗਾਪੁਰ ਮਹਾਮਾਰੀ ਦੌਰਾਨ ਚੋਣ ਕਰਵਾਉਣ ਵਿਚ ਸਫਲ ਰਹੇ ਹਨ। ਪੀਐੱਮ ਨੇ ਇਹ ਵੀ ਕਿਹਾ ਕਿ ਚੋਣ ਦੀਆਂ ਨਵੀਆਂ ਤਰੀਕਾਂ ਨੂੰ ਤੈਅ ਕਰ ਲਈ ਸੰਸਦ ਦਾ ਇਜਲਾਸ ਬੁਲਾਇਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਸਤੰਬਰ ਦੇ ਸ਼ੁਰੂਆਤੀ ਹਫ਼ਤੇ ਵਿਚ ਇਹ ਇਜਲਾਸ ਬੁਲਾਇਆ ਜਾ ਸਕਦਾ ਹੈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੂਡਿਥ ਕੋਲਿਨਸ ਨੇ ਚੋਣ ਟਾਲਣ ‘ਤੇ ਜ਼ਿਆਦਾ ਕੁਝ ਤਾਂ ਨਹੀਂ ਕਿਹਾ ਪ੍ਰੰਤੂ ਉਨ੍ਹਾਂ ਨੇ ਇਹ ਦੋਸ਼ ਜ਼ਰੂਰ ਲਗਾਇਆ ਹੈ ਕਿ ਸਰਹੱਦ ‘ਤੇ ਟੈਸਟਿੰਗ ਠੀਕ ਤਰ੍ਹਾਂ ਨਾਲ ਨਹੀਂ ਹੋਈ ਸੀ। ਉਧਰ, ਦੂਜੀਆਂ ਵਿਰੋਧੀ ਪਾਰਟੀਆਂ ਨੇ ਚੋਣ ਟਾਲੇ ਜਾਣ ਦਾ ਸਵਾਗਤ ਕੀਤਾ ਹੈ। ਓਪੀਨੀਅਨ ਪੋਲ ਵਿਚ ਪੀਐੱਮ ਅਰਡਰਨ ਦੀ ਲਿਬਰਲ ਲੇਬਰ ਪਾਰਟੀ ਦੀ ਜਿੱਤ ਨਿਸ਼ਚਿਤ ਦੱਸੀ ਜਾ ਰਹੀ ਹੈ। ਅਰਡਰਨ ਨੇ ਮਹਾਮਾਰੀ ‘ਤੇ ਜਿਸ ਤਰ੍ਹਾਂ ਨਾਲ ਕੰਟਰੋਲ ਕੀਤਾ ਹੈ, ਉਸ ਨਾਲ ਦੇਸ਼ ਵਿਚ ਉਨ੍ਹਾਂ ਦੀ ਲੋਕਪਿ੍ਰਅਤਾ ਵਧੀ ਹੈ। ਇਸ ਮੁੱਦੇ ‘ਤੇ ਉਨ੍ਹਾਂ ਦੀ ਅੰਤਰਰਾਸ਼ਟਰੀ ਪੱਧਰ ‘ਤੇ ਵੀ ਪ੍ਰਸ਼ੰਸਾ ਕੀਤੀ ਗਈ ਹੈ।




