ਡਾਕਟਰ ਕਰ ਰਹੇ ਸਖ਼ਤ ਨਿਗਰਾਨੀ
ਨਵੀਂ ਦਿੱਲੀ, (ਏਜੰਸੀ) : ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜ਼ੀ ਦੀ ਸਿਹਤ ‘ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਸੋਮਵਾਰ ਸਵੇਰੇ ਵੀ ਹਾਲਤ ਗੰਭੀਰ ਬਣੀ ਰਹੀ। ਆਰਮੀ ਰਿਸਰਚ ਐਂਡ ਰੇਫਰਲ ਹਸਪਤਾਲ ਦੇ ਮੈਡੀਕਲ ਬੁਲੇਟਿਨ ‘ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਸਰੀਰ ਦੇ ਸਾਰੇ ਪੈਰਾਮੀਟਰ ਬਰਾਬਰ ਹਨ। ਪ੍ਰਣਾਬ ਮੁਖਰਜੀ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਹੈ ਤੇ ਡਾਕਟਰ ਉਨ੍ਹਾਂ ਦੀ ਸਿਹਤ ‘ਤੇ ਸਖ਼ਤ ਨਿਗਰਾਨੀ ਕਰ ਰਹੇ ਹਨ। ਪ੍ਰਣਾਬ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਕਿਹਾ ਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ ਤੇ ਹਾਲਤ ਸਥਿਰ ਹੈ। ਇਲਾਜ਼ ਦਾ ਉਨ੍ਹਾਂ ‘ਤੇ ਅਸਰ ਹੋ ਰਿਹਾ ਹੈ। ਪੂਰਾ ਵਿਸ਼ਵਾਸ ਹੈ ਕਿ ਉਹ ਹਸਪਤਾਲ ਤੋਂ ਠੀਕ ਹੋ ਕੇ ਜਲਦ ਵਾਪਸ ਆਉਣਗੇ। ਦੱਸਣਯੋਗ ਹੈ ਕਿ ਦਿਮਾਗ਼ ‘ਚ ਖ਼ੂਨ ਦਾ ਥੱਕਾ ਬਣ ਜਾਣ ਕਾਰਨ ਉਨ੍ਹਾਂ ਨੂੰ 10 ਅਗਸਤ ਨੂੰ ਦੁਪਹਿਰ 12.07 ਵਜੇ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖ਼ਲ ਕੀਤਾ ਗਿਆ ਸੀ। ਸਰਜਰੀ ਤੋਂ ਪਹਿਲਾਂ ਉਨ੍ਹਾਂ ਦੀ ਕੋਰੋਨਾ ਜਾਂਚ ਵੀ ਕਰਵਾਈ ਗਈ ਸੀ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੇ ਦਿਮਾਗ਼ ਤੋਂ ਖ਼ੂਨ ਦੇ ਥੱਕੇ ਨੂੰ ਹਟਾਉਣ ਲਈ ਸਰਜਰੀ ਕੀਤੀ ਸੀ। ਉਦੋਂ ਤੋਂ ਉਹ ਆਈਸੀਯੂ ‘ਚ ਹੀ ਦਾਖ਼ਲ ਹਨ।






