
ਮੋਗਾ, ਉਘੇ ਸਮਾਜ ਸੇਵੀ ਅਤੇ ਪਿੰਡ ਬਹੋਨਾ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ, ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਗੁਰਪ੍ਰਗਟ ਸਿੰਘ ਸਮਾਧ ਭਾਈ ਅਤੇ ਸਮਾਜ ਸੇਵੀ ਗੁਰਮੇਲ ਸਿੰਘ ਭਿੰਡਰ ਸਮੇਤ ਰੂਰਲ ਐਨ ਜੀ ਓ ਮੋਗਾ ਦੇ ਛੇ ਮੈਂਬਰਾਂ ਨੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਪਹੁੰਚ ਕੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕੀਤਾ। ਸਿਵਲ ਹਸਪਤਾਲ ਮੋਗਾ ਸਮੇਤ ਵੱਖ ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੇ ਵਾਰਸਾਂ ਵੱਲੋਂ ਖੂਨ ਦੀ ਲੋੜ ਪੈਣ ਤੇ ਰੂਰਲ ਐਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਨ੍ਹਾਂ ਛੇ ਮੈਂਬਰਾਂ ਨੂੰ ਫੋਨ ਕਰਕੇ ਖੂਨਦਾਨ ਕਰਨ ਦੀ ਅਪੀਲ ਕੀਤੀ ਜਿਸ ਨੂੰ ਪ੍ਰਵਾਨ ਕਰਦਿਆਂ ਉਕਤ ਤਿੰਨ ਮੈਂਬਰਾਂ ਤੋਂ ਇਲਾਵਾ ਜਸਵੀਰ ਸਿੰਘ ਮੋਗਾ, ਮਨਜੀਤ ਸਿੰਘ ਦੌਲਤਪੁਰਾ ਉਚਾ, ਕਮਲਜੀਤ ਸਿੰਘ ਰਖਰਾ ਦੁਸਾਂਝ ਨੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕੀਤਾ। ਜਿਕਰਯੋਗ ਹੈ ਕਿ ਸਰਪੰਚ ਬਹੋਨਾ ਦੇ ਬੇਟੇ ਈਸ਼ਵਰ ਸਿੰਘ ਦਾ ਜਨਮ ਦਿਨ ਸੀ, ਜਿਸ ਨੂੰ ਉਹਨਾਂ ਖੂਨਦਾਨ ਕਰਕੇ ਮਨਾਇਆ। ਇਸ ਮੌਕੇ ਐਨ ਜੀ ਓ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਉਨ੍ਹਾਂ ਦੱਸਿਆ ਕਿ ਸਰਪੰਚ ਬਹੋਨਾ ਦਾ ਖੂਨਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਵਿੱਚ ਵੱਡਾ ਯੋਗਦਾਨ ਹੈ ਤੇ ਬਹੁਤ ਸਾਰੇ ਖੂਨਦਾਨੀ ਉਹਨਾਂ ਤੋਂ ਪ੍ਰੇਰਿਤ ਹੋ ਇਸ ਖੇਤਰ ਵਿੱਚ ਆਏ ਹਨ। ਇਸ ਮੌਕੇ ਖੂਨਦਾਨੀਆਂ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਸਰੀਰ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਰਹਿੰਦਾ ਹੈ, ਇਸ ਲਈ ਸਾਨੂੰ ਹਮੇਸ਼ਾ ਖੂਨਦਾਨ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਉਕਤ ਤੋਂ ਇਲਾਵਾ ਬਲੱਡ ਬੈਂਕ ਮੋਗਾ ਦਾ ਸਟਾਫ ਵੀ ਹਾਜਰ ਸੀ।





