ਐਸਐਸਪੀ ਨੇ ਕੀਤੀ ਪੁਸ਼ਟੀ, ਕਿਹਾ ਖਾਲਿਸਤਾਨੀ ਝੰਡਾ ਸੀ ਉੱਪਰ ਲਿਖਿਆ ਗਿਆ ਸੀ ਖਾਲਿਸਤਾਨ
ਪ੍ਰਸ਼ਾਸਨ ਨੇ ਸਨਮਾਨ ਸਹਿਤ ਸਲਾਮੀ ਦੇ ਕੇ ਨਵਾਂ ਤਿਰੰਗਾ ਲਹਿਰਾਇਆ, ਦੋ ਨੌਜਵਾਨਾਂ ਖ਼ਿਲਾਫ਼ ਕੀਤਾ ਮਾਮਲਾ ਦਰਜ

ਮੋਗਾ, (ਹਰਪਾਲ ਸਹਾਰਨ) : ਆਜ਼ਾਦੀ ਦਿਹਾੜੇ ਤੋਂ 24 ਘੰਟੇ ਪਹਿਲਾਂ ਜ਼ਿਲ੍ਹਾ ਸਕੱਤਰੇਤ ਉੱਤੇ ਸਵੇਰੇ ਤਕਰੀਬਨ 9 ਵਜੇ ਖਾਲਿਸਤਾਨ ਦਾ ਝੰਡਾ ਲਹਿਰਾਕੇ ਤਿਰੰਗਾ ਲੀਰੋ ਲੀਰੋ ਕਰ ਦਿੱਤਾ ਗਿਆ। ਘਟਨਾ ਮਗਰੋਂ ਪ੍ਰਸ਼ਾਸਨ ਨੇ ਸਨਮਾਨ ਸਹਿਤ ਸਲਾਮੀ ਦੇ ਕੇ ਨਵਾਂ ਤਿਰੰਗਾ ਝੰਡਾਂ ਲਹਿਰਾ ਦਿੱਤਾ ਹੈ। ਸਿੱਖਸ ਫਾਰ ਜਸਟਿਸ ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਨੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਲਾਈਵ ਵੀਡੀਓ ਵੀ ਜਾਰੀ ਕਰ ਦਿੱਤੀ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਐੱਸਐੱਫਜੇ ਦੇ ਕਾਨੂੰਨੀ ਸਲਾਹਕਾਰ ਪੰਨੂ, ਜਿਸ ਨੂੰ ਕਿ ਅਤਿਵਾਦੀ ਐਲਾਨ ਦਿੱਤਾ ਗਿਆ ਹੈ, ਨੂੰ ਇਹ ਚੇਤਾਵਨੀ ਦੇ ਚੁੱਕੇ ਹਨ ਕਿ ਜੇ ਉਸ ਵਿਚ ਹਿੰਮਤ ਹੈ ਤਾਂ ਉਹ ਪੰਜਾਬ ਵਿਚ ਆ ਕੇ ਵਿਖਾਵੇ। ਲਾਈਵ ਵੀਡੀਓ ਵਿੱਚ ਫ਼ੌਜੀ ਵਰਦੀ ਲੋਅਰ ਪਹਿਨੀ ਤੇ ਇੱਕ ਹੋਰ ਨੌਜਵਾਨ ਜ਼ਿਲ੍ਹਾ ਸਕੱਤਰੇਤ ਦੀ 5 ਮੰਜ਼ਿਲੀ ਇਮਾਰਤ ਦੀ ਆਖਰੀ ਛੱਤ ਉੱਤੇ ਸਵੇਰੇ ਤਕਰੀਬਨ 9 ਵਜੇ ਖਾਲਿਸਤਾਨ ਦਾ ਝੰਡਾ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਇਸ ਮਗਰੋਂ ਫ਼ੌਜੀ ਵਰਦੀ ਲੋਅਰ ਪਹਿਨੀ ਨੌਜਵਾਨ ਤਿਰੰਗਾ ਲੀਰੋ ਲੀਰੋ ਕਰਦਾ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਕੰਮ 3 ਨੌਜਵਾਨਾਂ ਨੇ ਕੀਤਾ ਹੈ, ਦੋ ਖਾਲਿਸਤਾਨੀ ਝੰਡਾ ਲਹਿਰਾ ਰਹੇ ਹਨ ਅਤੇ ਤੀਜਾ ਲਾਈਵ ਵੀਡੀਓ ਬਣਾ ਰਿਹਾ ਹੈ। ਇਸ ਘਟਨਾ ਦੀ ਸੂਚਨਾਂ ਮਿਲਦੇ ਹੀ ਡੀਸੀ ਸੰਦੀਪ ਹੰਸ, ਐੈੱਸਐੱਸਪੀ ਹਰਮਨਬੀਰ ਸਿੰਘ ਗਿੱਲ ਤੇ ਹੋਰ ਸੀਨੀਅਰ ਪੁਲੀਸ ਤੇ ਸਿਵਲ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ।

ਇਸ ਮਗਰੋਂ ਉਨ੍ਹਾਂ ਮੀਟਿੰਗ ਕੀਤੀ। ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਮਗਰੋਂ ਲਗਾਤਾਰ ਸਰਗਰਮੀਆਂ ਚਲਾ ਰਹੇ ਹਨ। ਉਨ੍ਹਾਂ ਦੀ ਕੁਝ ਦਿਨ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਕਿ ਪੰਜਾਬ ਅਤੇ ਹਰਿਆਣੇ ਵਿੱਚ ਹਰ ਉਸ ਸਿੱਖ ਨੂੰ ਜੋ ਪਿੰਡਾਂ ਦੇ ਪੰਚਾਇਤ ਘਰਾਂ ’ਚੋਂ ਤਿਰੰਗਾ ਲਾਹ ਕੇ ਖਾਲਿਸਤਾਨ ਦਾ ਝੰਡਾ ਚੜਾਏਗਾ, ਨੂੰ ਸਿੱਖਸ ਫਾਰ ਜਸਟਿਸ ਵੱਲੋਂ 2500 ਅਮਰੀਕੀ ਡਾਲਰ ਦਿੱਤੇ ਜਾਣਗੇ। ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਹੇਠ 24 ਘੰਟੇ ਗਾਰਦ ਰਹਿੰਦੀ ਹੈ। ਇਹ ਘਟਨਾ ਦਿਨ ਵੇਲੇ ਵਾਪਰਨ ਨਾਲ ਪ੍ਰਸ਼ਾਸਨ ਲਈ ਕਸੂਤੀ ਸਥਿਤੀ ਬਣ ਗਈ ਹੈ। ਇਸ ਘਟਨਾ ਮਗਰੋਂ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਭਲਕੇ ਅਾਜ਼ਾਦੀ ਸਮਾਗਮ ਪ੍ਰਬੰਧਾਂ ਉੱਤੇ ਤਿੱਖੀ ਨਜ਼ਰ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਬੈਠ ਕੇ ਪੰਜਾਬ ਵਿਚ ਮੁੜ ਤੋਂ ਅਤਿਵਾਦ ਨੂੰ ਸੁਰਜੀਤ ਕਰਨ ਦੇ ਯਤਨ ਕਰਨ ਵਾਲੇ 9 ਲੋਕਾਂ ਨੂੰ ਅਤਿਵਾਦੀ ਕਰਾਰ ਦਿੱਤਾ ਹੈ। ਇਨ੍ਹਾਂ ਵਿਚ ਸਿਖਸ ਫਾਰ ਜਸਟਿਸ ਦਾ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿਘ ਪੰਨੂ ਵੀ ਸ਼ਾਮਲ ਹੈ।





