
ਲਾਹੌਰ, (ਏਜੰਸੀ) : ਲਾਹੌਰ ਹਾਈ ਕੋਰਟ ਨੇ ਫ਼ੈਸਲਾ ਦਿੱਤਾ ਹੈ ਕਿ ਸਿੱਖ ਕੁੜੀ ਜਿਸ ਨੇ ਆਪਣੇ ਪਰਿਵਾਰ ਦੀ ਇੱਛਾ ਵਿਰੁੱਧ ਮੁਸਲਿਮ ਮੁੰਡੇ ਨਾਲ ਵਿਆਹ ਕੀਤਾ ਹੈ, ਉਹ ਨਾਬਾਲਗ ਨਹੀਂ ਹੈ ਤੇ ਹੁਣ ਆਪਣੇ ਪਤੀ ਨਾਲ ਜਾਂ ਆਪਣੀ ਮਰਜ਼ੀ ਦੀ ਥਾਂ ‘ਤੇ ਰਹਿ ਸਕਦੀ ਹੈ। ਲਾਹੌਰ ਹਾਈ ਕੋਰਟ ਨੇ ਫ਼ੈਸਲਾ ਦਿੱਤਾ ਹੈ ਕਿ ਨਨਕਾਣਾ ਸਾਹਿਬ ਦੀ ਜਗਜੀਤ ਕੌਰ ਜਿਸ ਨੇ ਪਿਛਲੇ ਸਾਲ ਸਤੰਬਰ ‘ਚ ਆਪਣੇ ਇਲਾਕੇ ਦੇ ਮੁਹੰਮਦ ਹਸਨ ਨਾਲ ਆਪਣੇ ਮਾਪਿਆਂ ਦੀ ਇੱਛਾ ਖ਼ਿਲਾਫ਼ ਨਿਕਾਹ ਕੀਤਾ ਸੀ, ਹੁਣ ਆਪਣੇ ਪਤੀ ਨਾਲ ਰਹਿ ਸਕਦੀ ਹੈ। ਪਿਛਲੇ ਸਾਲ ਸਤੰਬਰ ਤੋਂ ਜਗਜੀਤ ਕੌਰ ਲਾਹੌਰ ਦੇ ਦਾਰੁਲ ਅਮਨ (ਸ਼ੈਲਟਰ ਹੋਮ) ‘ਚ ਰਹਿ ਰਹੀ ਹੈ। ਜਗਜੀਤ ਕੌਰ ਦੇ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਹਸਨ ਨੇ ਉਸ ਦਾ ਅਗਵਾ ਕਰ ਕੇ ਉਸ ਨਾਲ ਜਬਰੀ ਨਿਕਾਹ ਕੀਤਾ ਹੈ। ਇਸ ਮਾਮਲੇ ‘ਤੇ ਭਾਰਤ ਸਰਕਾਰ ਨੇ ਵੀ ਪਾਕਿਸਤਾਨ ਦੀ ਸਰਕਾਰ ਤੋਂ ਦਖਲ ਦੀ ਮੰਗ ਕੀਤੀ ਸੀ। ਲਾਹੌਰ ਹਾਈ ਕੋਰਟ ਦੇ ਜੱਜ ਚੌਧਰੀ ਸ਼ੇਹਰਾਮ ਸਰਵਰ ਨੇ ਹਸਨ ਦੀ ਪਟੀਸ਼ਨ ‘ਤੇ ਫ਼ੈਸਲਾ ਸੁਣਾਇਆ। ਸੁਣਵਾਈ ਦੌਰਾਨ ਪੁਲਿਸ ਜਗਜੀਤ ਕੌਰ ਨੂੰ ਭਾਰੀ ਸੁਰੱਖਿਆ ਹੇਠ ਅਦਾਲਤ ‘ਚ ਲੈ ਕੇ ਆਈ ਸੀ ਤੇ ਇਸ ਮੌਕੇ ਉਸ ਦਾ ਭਰਾ ਤੇ ਪਰਿਵਾਰਕ ਮੈਂਬਰ ਮੌਜੂਦ ਸਨ। ਪਰਿਵਾਰ ਨੇ ਇਸ ਫ਼ੈਸਲੇ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਸੁਣਵਾਈ ਦੌਰਾਨ ਜਗਜੀਤ ਕੌਰ ਦੇ ਮਾਪਿਆਂ ਦੇ ਵਕੀਲ ਖਲੀਲ ਤਾਹਿਰ ਸਿੰਧੂ ਨੇ ਕਿਹਾ ਕਿ ਸਕੂਲ ਦਾ ਸਰਟੀਫਿਕੇਟ ਹੀ ਇਹ ਦੱਸਣ ਲਈ ਕਾਫ਼ੀ ਹੈ ਕਿ ਕੁੜੀ ਨਾਬਾਲਗ ਹੈ। ਸਿੰਧੂ ਨੇ ਕੌਮੀ ਡਾਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਟੀ (ਨਾਦਰਾ) ਵੱਲੋਂ ਸਿੱਖ ਕੁੜੀ ਬਾਰੇ ਪੇਸ਼ ਕੀਤੇ ਰਿਕਾਰਡ ਨੂੰ ਗ਼ਲਤ ਦੱਸਿਆ। ਸਿੰਧੂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਵੱਲੋਂ ਦੋਵਾਂ ਧਿਰਾਂ ਵਿਚ ਕਰਵਾਏ ਸਮਝੌਤੇ ਮੁਤਾਬਕ ਕੁੜੀ ਨੂੰ ਮਾਪਿਆਂ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ। ਹਸਨ ਵੱਲੋਂ ਪੇਸ਼ ਵਕੀਲ ਸੁਲਤਾਨ ਸ਼ੇਖ ਨੇ ਅਦਾਲਤ ਨੂੰ ਦੱਸਿਆ ਕਿ ਨਾਦਰਾ ਵੱਲੋਂ ਪੇਸ਼ ਕੀਤੇ ਰਿਕਾਰਡ ਮੁਤਾਬਕ ਕੁੜੀ ਦੀ ਉਮਰ 19 ਸਾਲ ਹੈ। ਇਸ ਤੋਂ ਇਲਾਵਾ ਅਦਾਲਤ ਵੱਲੋਂ ਬਣਾਏ ਮੈਡੀਕਲ ਬੋਰਡ ਨੇ ਵੀ ਕੁੜੀ ਨੂੰ ਬਾਲਗ ਦੱਸਿਆ ਹੈ। ਜੱਜ ਨੇ ਨਾਦਰਾ ਨੇ ਦਸਤਾਵੇਜ਼ ਨੂੰ ਸਹੀ ਮੰਨਦਿਆਂ ਆਪਣਾ ਫ਼ੈਸਲਾ ਸੁਣਾ ਦਿੱਤਾ।






