
ਮੋਹਾਲੀ, (ਮੋਹਨ ਕੇ.ਪੀ.) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆਰਥੀਆਂ ਦੀ ਮੰਗ ‘ਤੇ ਵਿਚਾਰ ਕਰਨ ਉਪਰੰਤ ਬਾਰ੍ਹਵੀਂ ਸ਼੍ਰੇਣੀ ਦੀ ਰੀ-ਚੈਕਿੰਗ ਤੇ ਰੀ-ਵੈਲਿਊਏਸ਼ਨ ਲਈ ਫ਼ੀਸ ਭਰਨ ਦੀਆਂ ਮਿਤੀਆਂ ‘ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ।ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ ਸੂਬੇ ‘ਚ ਕੋਵਿਡ-19 ਮਹਾਮਾਰੀ ਪ੍ਰਕੋਪ ਕਾਰਨ ਮਾਰਚ 2020 ‘ਚ ਲਈ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਨਤੀਜਾ 21 ਜੁਲਾਈ ਨੂੰ ਐਲਾਨਿਆ ਗਿਆ। ਬਾਰ੍ਹਵੀਂ ਸ਼੍ਰੇਣੀ ਦੇ ਜਿਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਸਿੱਖਿਆ ਬੋਰਡ ਵੱਲੋਂ ਲਈ ਗਈ ਸੀ, ਪ੍ਰੀਖਿਆਰਥੀਆਂ ਨੂੰ ਸਿਰਫ਼ ਉਨ੍ਹਾਂ ਵਿਸ਼ਿਆਂ ਦੀ ਰੀ-ਚੈਕਿੰਗ ਤੇ ਰੀ-ਵੈਲਿਊਏਸ਼ਨ ਲਈ ਫ਼ੀਸ ਭਰਨ ਦੀ ਆਖ਼ਰੀ ਮਿਤੀ 7 ਅਗਸਤ ਨਿਰਧਾਰਿਤ ਕੀਤੀ ਗਈ ਪ੍ਰੰਤੂ ਫਿਰ ਵੀ ਕਈ ਇੱਛੁਕ ਪ੍ਰੀਖਿਆਰਤੀਆਂ ਦੇ ਇਹ ਫ਼ੀਸ ਭਰਨ ਤੋਂ ਵਾਂਝੇ ਰਹਿ ਜਾਣ ਕਾਰਨ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰੀ-ਚੈਕਿੰਗ ਤੇ ਰੀ-ਵੈਲਿਊਏਸ਼ਨ ਲਈ ਫ਼ੀਸ ਭਰਨ ਦੀ ਆਖ਼ਰੀ ਮਿਤੀ ‘ਚ 17 ਅਗਸਤ ਤਕ ਦਾ ਵਾਧਾ ਕੀਤਾ ਹੈ।ਰੀ-ਚੈਕਿੰਗ ਤੇ ਰੀ-ਵੈਲਿਊਏਸ਼ਨ ਲਈ ਫ਼ੀਸ ਕੇਵਲ ਆਨ-ਲਾਈਨ ਹੀ ਜਮ੍ਹਾਂ ਕਰਵਾਈ ਜਾ ਸਕਦੀ ਹੈ। ਫ਼ੀਸ ਭਰਨ ਉਪਰੰਤ ਪ੍ਰੀਖਿਆਰਥੀ ਭਰੇ ਗਏ ਫ਼ਾਰਮ/ਫ਼ੀਸ ਦਾ ਪ੍ਰਿੰਟ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਦੇ ਹਨ। ਪ੍ਰੀਖਿਆਰਥੀ ਰੀ-ਚੈਕਿੰਗ ਅਤੇ ਰੀ-ਵੈਲਿਊਏਸ਼ਨ ਵਿੱਚੋਂ ਕੇਵਲ ਇੱਕ ਹੀ ਕੈਟਾਗਰੀ ‘ਚ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ, ਹਦਾਇਤਾਂ ਅਤੇ ਫ਼ਾਰਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਤੇ ਉਪਲਬਧ ਹਨ।





