17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਬੈਰੂਤ 'ਚ ਭੜਕੀ ਗੁੱਸੇ ਦੀ ਅੱਗ, ਮੰਤਰਾਲੇ 'ਚ ਵੜੇ ਪ੍ਰਦਰਸ਼ਨਕਾਰੀ, ਸੂਚਨਾ ਮੰਤਰੀ...

ਬੈਰੂਤ ‘ਚ ਭੜਕੀ ਗੁੱਸੇ ਦੀ ਅੱਗ, ਮੰਤਰਾਲੇ ‘ਚ ਵੜੇ ਪ੍ਰਦਰਸ਼ਨਕਾਰੀ, ਸੂਚਨਾ ਮੰਤਰੀ ਦਾ ਅਸਤੀਫ਼ਾ

ਬੈਰੂਤ (ਏਜੰਸੀਆਂ) : ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਭਿਆਨਕ ਧਮਾਕੇ ਨੂੰ ਲੈ ਕੇ ਸਰਕਾਰ ਖ਼ਿਲਾਫ਼ ਹਿੰਸਾ ਹੋਰ ਤੇਜ਼ ਹੋ ਗਈ ਹੈ। ਸ਼ਨਿਚਰਵਾਰ ਰਾਤ ਪ੍ਰਦਰਸ਼ਨਕਾਰੀਆਂ ਨੇ ਤਿੰਨ ਮੰਤਰਾਲਿਆਂ ਵਿਚ ਦਾਖ਼ਲ ਹੋ ਕੇ ਭੰਨਤੋੜ ਕੀਤੀ। ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਸੰਸਦ ਦੀ ਦੀਵਾਰ ਤੋੜ ਕੇ ਅੰਦਰ ਦਾਖ਼ਲ ਹੋਣ ਦੇ ਯਤਨ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਇਸ ਦੌਰਾਨ ਪ੍ਰਧਾਨ ਮੰਤਰੀ ਹਸਨ ਦਿਯਾਬ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਹੋਏ ਜਲਦੀ ਚੋਣ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਧਰ, ਸੂਚਨਾ ਮੰਤਰੀ ਮਾਨਲ ਅਬਦੇਲ ਸਮਦ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੀਐੱਨਐੱਨ ਦੀ ਰਿਪੋਰਟ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਵਿਦੇਸ਼, ਵਾਤਾਵਰਨ ਅਤੇ ਵਿੱਤ ਮੰਤਰਾਲਿਆਂ ‘ਤੇ ਕਬਜ਼ਾ ਕਰ ਲਿਆ ਸੀ। ਪਥਰਾਅ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲ਼ੀਆਂ ਦੀ ਵਰਤੋਂ ਕੀਤੀ। ਘੰਟਿਆਂ ਤਕ ਚੱਲੇ ਸੰਘਰਸ਼ ਦੌਰਾਨ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਜਦਕਿ ਘੱਟ ਤੋਂ ਘੱਟ 238 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਫਾਂਸੀ ‘ਤੇ ਲਟਕਾਉਣ ਦੀ ਮੰਗ

ਸ਼ਹੀਦ ਚੌਰਾਹੇ ‘ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀ ਉਨ੍ਹਾਂ ਸਾਰੇ ਰਾਜਨੀਤਕਾਂ ਨੂੰ ਫਾਂਸੀ ‘ਤੇ ਲਟਕਾਉਣ ਦੀ ਮੰਗ ਕਰ ਰਹੇ ਸਨ ਜਿਨ੍ਹਾਂ ਦੇ ਭਿ੍ਸ਼ਟਾਚਾਰ ਅਤੇ ਲਾਪਰਵਾਹੀ ਕਾਰਨ ਬੈਰੂਤ ‘ਚ ਧਮਾਕਾ ਹੋਇਆ। ਉਹ ਪ੍ਰਤੀਕ ਦੇ ਤੌਰ ‘ਤੇ ਫਾਂਸੀ ਦਾ ਫੰਦਾ ਲੈ ਕੇ ਆਏ ਸਨ। ਇਕ ਪ੍ਰਦਰਸ਼ਨਕਾਰੀ ਦਾ ਕਹਿਣਾ ਸੀ ਕਿ ਇਹ ਫੰਦਾ ਉਨ੍ਹਾਂ ਸਾਰਿਆਂ ਲਈ ਹੈ ਜੋ ਪਿਛਲੇ 30 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਹਨ। ਪੁਲਿਸ ‘ਤੇ ਬੋਤਲ ਸੁੱਟ ਰਹੇ ਇਕ ਨੌਜਵਾਨ ਦਾ ਕਹਿਣਾ ਸੀ ਕਿ ਸ਼ਾਂਤੀਪੂਰਣ ਪ੍ਰਦਰਸ਼ਨ ਨਾਲ ਕਦੇ ਵੀ ਬਦਲਾਅ ਨਹੀਂ ਆਉਂਦਾ।

ਅਮਰੀਕੀ ਦੂਤਘਰ ਦਾ ਟਵੀਟ

ਬੈਰੂਤ ‘ਚ ਅਮਰੀਕੀ ਦੂਤਘਰ ਨੇ ਵੀ ਪ੍ਰਦਰਸ਼ਨਕਾਰੀਆਂ ਨਾਲ ਇਕਜੁੱਟਤਾ ਦਿਖਾਈ ਪ੍ਰੰਤੂ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਅਮਰੀਕੀ ਦੂਤਘਰ ਨੇ ਟਵੀਟ ‘ਚ ਕਿਹਾ ਕਿ ਲਿਬਨਾਨ ਦੀ ਜਨਤਾ ਨੇ ਬਹੁਤ ਕੁਝ ਸਹਿਣ ਕੀਤਾ ਹੈ। ਇੱਥੇ ਅਜਿਹੇ ਆਗੂਆਂ ਦੀ ਲੋੜ ਹੈ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕਰਦੀਆਂ ਆਵਾਜ਼ਾਂ ਸੁਣ ਸਕਣ। ਅਸੀਂ ਆਮ ਲੋਕਾਂ ਦੇ ਸ਼ਾਂਤੀਪੂਰਣ ਪ੍ਰਦਰਸ਼ਨ ਕਰਨ ਦੇ ਅਧਿਕਾਰ ਦਾ ਸਮਰਥਨ ਕਰਦੇ ਹਾਂ ਪ੍ਰੰਤੂ ਹਿੰਸਾ ਨਾਲ ਕੋਈ ਫ਼ਾਇਦਾ ਨਹੀਂ ਹੁੰਦਾ।

ਪ੍ਰਧਾਨ ਮੰਤਰੀ ਨੇ ਵਕਤ ਮੰਗਿਆ

ਇਸ ਦੌਰਾਨ, ਲਿਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਯਾਬ ਨੇ ਕਿਹਾ ਕਿ ਅਸੀਂ ਲੋਕਾਂ ਦੀ ਨਾਰਾਜ਼ਗੀ ਸਮਝ ਸਕਦੇ ਹਾਂ। ਧਮਾਕੇ ਲਈ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਸੀਂ ਹਰ ਖੇਤਰ ਵਿਚ ਵੱਡਾ ਸੁਧਾਰ ਚਾਹੁੰਦੇ ਹਾਂ। ਸਾਨੂੰ ਦੋ ਮਹੀਨੇ ਦਾ ਵਕਤ ਦਿਉ। ਚੋਣ ਸੁਧਾਰਾਂ ਲਈ ਦੂਜੀਆਂ ਪਾਰਟੀਆਂ ਨਾਲ ਗੱਲ ਕਰਾਂਗੇ ਅਤੇ ਕਦਮ ਚੁੱਕਾਂਗੇ। ਸਾਰੀਆਂ ਸਮੱਸਿਆਵਾਂ ਦਾ ਇਕ ਹੀ ਹੱਲ ਹੈ-ਚੋਣ ਜਲਦੀ ਹੋਵੇ। ਇਸ ਨਾਲ ਲੋਕ ਆਪਣੀ ਪਸੰਦ ਦੀ ਸਰਕਾਰ ਚੁਣ ਸਕਣਗੇ। ਉਧਰ, ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸਰਕਾਰ ਮਾਮਲੇ ਨੂੰ ਠੰਡਾ ਕਰਨ ਲਈ ਵਕਤ ਮੰਗ ਰਹੀ ਹੈ। ਬੈਰੂਤ ਬੰਦਰਗਾਹ ‘ਤੇ ਮੰਗਲਵਾਰ ਨੂੰ ਹੋਏ ਭਿਆਨਕ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 158 ਹੋ ਗਈ ਹੈ। ਕਰੀਬ 6,000 ਲੋਕ ਹਸਪਤਾਲਾਂ ਵਿਚ ਭਰਤੀ ਹਨ। ਦਰਜਨਾਂ ਲੋਕ ਹੁਣ ਵੀ ਲਾਪਤਾ ਹਨ। ਇਸ ਧਮਾਕੇ ਵਿਚ 6,200 ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।

Today Now News

RELATED ARTICLES
- Advertisment -

POPULAR POSTS