
ਨਵੀਂ ਦਿੱਲੀ, (ਬਿਊਰੋ) : ਅਯੁੱਧਿਆ ‘ਚ ਸ਼੍ਰੀਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ 16 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ। ਪ੍ਰਸਾਰ ਭਾਰਤੀ ਦੇ ਸ਼ੁਰੂਆਤੀ ਅਨੁਮਾਨਾਂ ਤੋਂ ਇਹ ਅੰਕੜੇ ਮਿਲੇ ਹਨ। ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖ਼ਰ ਵੇਂਪਤੀ ਨੇ ਟਵੀਟ ‘ਤੇ ਦੱਸਿਆ ਕਿ ਦਰਸ਼ਕਾਂ ਦੀ ਇਹ ਗਿਣਤੀ ਦੂਰਦਰਸ਼ਨ ‘ਤੇ ਸਿੱਧਾ ਪ੍ਰਸਾਰਣ ਦੇਖਣ ਵਾਲਿਆਂ ਦੀ ਹੈ, ਜਿਸ ਦਾ ਮੁੱਖ ਸਮਾਰੋਹ ਦੌਰਾਨ ਬੁੱਧਵਾਰ ਸਵੇਰੇ 10.45 ਵਜੇ ਤੋਂ ਦੁਪਹਿਰ ਦੋ ਵਜੇ ਤਕ ਕਰੀਬ 200 ਟੀਵੀ ਚੈਨਲਾਂ ਨੇ ਪ੍ਰਸਾਰਣ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਸਮਾਰੋਹ ਨੂੰ ਭਾਰਤ ‘ਚ ਟੀਵੀ ਦੀ ਦੁਨੀਆ ‘ਚ ਦਰਸ਼ਕਾਂ ਵੱਲੋਂ ਕੁੱਲ 7 ਅਰਬ ਮਿੰਟ ਤੋਂ ਜ਼ਿਆਦਾ ਸਮੇਂ ਤਕ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਯੁੱਧਿਆ ‘ਚ ਸ਼੍ਰੀਰਾਮ ਮੰਦਰ ਦਾ ਭੂਮੀ ਪੂਜਨ ਕੀਤਾ ਸੀ। ਵੈਦਿਕ ਮੰਤਰਾਂ ਦੇ ਉਚਾਰਨ ਨਾਲ ਮੋਦੀ ਨੇ ਮੰਦਰ ਨਿਰਮਾਣ ਲਈ ਪਹਿਲਾ ਨੀਂਹ ਪੱਥਰ ਰੱਖਿਆ ਸੀ।
ਅਯੁੱਧਿਆ ‘ਚ ਪੂਰੇ ਪ੍ਰੋਗਰਾਮ ਦੌਰਾਨ ਪੀਐੱਮ ਮੋਦੀ ਨੇ ਸਰੀਰਕ ਦੂਰੀ ਦਾ ਖ਼ਾਸ ਧਿਆਨ ਰੱਖਿਆ। ਉਨ੍ਹਾਂ ਨੇ ਮਾਸਕ ਪਾ ਕੇ ਰੱਖਿਆ। ਏਅਰਪੋਰਟ ‘ਤੇ ਸੀਐੱਮ ਯੋਗੀ ਨੇ ਦੋ ਗਜ਼ ਦੀ ਦੂਰੀ ਤੋਂ ਨਮਸਕਾਰ ਕੀਤੀ। ਕੋਰੋਨਾ ਸੰਕਟ ਕਾਰਨ ਹਨੂੰਮਾਨਗੜ੍ਹੀ ‘ਚ ਉਨ੍ਹਾਂ ਨੇ ਟਿੱਕਾ ਵੀ ਨਹੀਂ ਲਗਾਇਆ ਤੇ ਨਾ ਹੀ ਪ੍ਰਸਾਦ ਦਿੱਤਾ ਗਿਆ।
ਪ੍ਰਧਾਨ ਮੰਤਰੀ ਮੋਦੀ 29 ਸਾਲ ਬਾਅਦ ਅਯੁੱਧਿਆ ਦੀ ਧਰਤੀ ‘ਤੇ ਪਹੁੰਚੇ। ਇਸ ਤੋਂ ਪਹਿਲਾਂ ਉਹ 1992 ‘ਚ ਅਯੁੱਧਿਆ ਆਏ ਸਨ। ਇਸ ਮੌਕੇ ਨਰਿੰਦਰ ਮੋਦੀ ਰਾਮ ਮੰਦਰ ਅੰਦੋਲਨ ਦਾ ਹਿੱਸਾ ਸਨ। ਇਸ ਵਾਰ ਬਤੌਰ ਪ੍ਰਧਾਨ ਮੰਤਰੀ ਅਯੁੱਧਿਆ ‘ਚ ਰਾਮਲਲਾ ਦੇ ਦਰਸ਼ਨ ਕੀਤੇ। ਅਯੁੱਧਿਆ ਜਾਣ ਵਾਲੇ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਵੀ ਬਣੇ।





