
ਮਾਨਸਾ, (ਗੁਰਜੰਟ ਸਿੰਘ ਸ਼ੀਹ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੋਟਕ ਮਹਿੰਦਰਾ ਬੈਂਕ ਜਵਾਹਰਕੇ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ। ਪਰ ਬੈਂਕ ਮੁਲਾਜਮਾਂ ਜਥੇਬੰਦੀ ਦੇ ਵਰਕਰਾਂ ਦੇ ਆ ਜਾਣ ਕਾਰਨ ਬੈਂਕ ਨੂੰ ਜਿੰਦਰਾ ਮਾਰ ਕੇ ਫਰਾਰ ਹੋ ਗਏ। ਜੋ ਕਿ ਇੱਕ ਗੱਲਬਾਤ ਕਰਨ ਤੋਂ ਭੱਜਣ ਵਾਲੀ ਗੱਲ ਹੈ। ਮਾਨਸਾ ਨੇੜਲੇ ਪਿੰਡ ਅਕਲੀਆ ਦੇ ਇੱਕ ਕਿਸਾਨ ਬਲਵੀਰ ਸਿੰਘ ਵੱਲੋਂ ਇਸ ਬੈਂਕ ਤੋਂ 24 ਲੱਖ ਦੀ ਲਿਮਟ ਬਣਵਾਈ ਹੋਈ ਸੀ। ਕਿਸਾਨ ਇਸ ਲਿਮਟ ਦੀ ਕਿਸ਼ਤ ਰੈਗੂਲਰ ਭਰ ਰਿਹਾ ਸੀ ਪਰ 2018-19 ਵਿੱਚ ਫਸਲ ਮਾੜੀ ਰਹਿਣ ਕਾਰਨ ਕਿਸਾਨ ਤੋਂ ਕਿਸ਼ਤ ਨਹੀਂ ਭਰੀ ਗਈ। ਅਖੀਰ ਨਿਰਾਸ਼ ਹੋ ਕੇ ਉਕਤ ਕਿਸਾਨ ਬਲਵੀਰ ਸਿੰਘ ਨੇ ਆਪਣੀ ਜਮੀਨ ਵੇਚ ਕੇ ਬੈਂਕ ਦਾ ਕਰਜਾ ਲਾਹੁਣ ਲਈ ਗੱਲਬਾਤ ਕੀਤੀ ਤਾਂ ਬੈਂਕ ਅਧਿਕਾਰੀਆਂ ਨੇ ਉਕਤ ਕਿਸਾਨ ਨੂੰ 22 ਲੱਖ ਰੁਪਏ ਭਰਾ ਕੇ ਕਲੀਅਰ ਸਰਟੀਫਿਕੇਟ ਦੇਣ ਦੀ ਗੱਲ ਕਹੀ ਤਾਂ ਕਿਸਾਨ ਨੇ ਆਪਣੀ ਜੱਦੀ ਪੁਸ਼ਤੀ ਜਮੀਨ ਵੇਚੀ ਅਤੇ ਬੈਂਕ ਕੋਲ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਲੈ ਕੇ 22 ਲੱਖ ਰੁਪਇਆ ਭਰਿਆ ਅਤੇ ਬੈਂਕ ਨੇ ਜਮੀਨ ਦਾ ਕਲੀਅਰ ਸਰਟੀਫਿਕੇਟ 15 ਦਿਨਾਂ ਵਿੱਚ ਦੇਣ ਦੀ ਗੱਲ ਕੀਤੀ ਪਰ ਅੱਜ ਡੇਢ ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਹੈ ਬੈਂਕ ਸਰਟੀਫਿਕੇਟ ਨਹੀਂ ਦੇ ਰਿਹਾ ਜੋ ਕਿ ਇੱਕ ਕਰਜਈ ਕਿਸਾਨ ਦੇ ਨਾਲ ਬੇ ਇਨਸਾਫੀ ਹੈ। ਇਸ ਤੋਂ ਪਹਿਲਾਂ ਵੀ ਜਥੇਬੰਦੀ ਵੱਲੋਂ ਧਰਨੇ ਲੱਗ ਚੁੱਕੇ ਹਨ ਪਰ ਉਸ ਸਮੇਂ ਪ੍ਰਸ਼ਾਸ਼ਨ ਨੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਸੀ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਫਿਰ ਲੋਕਡਾਊਨ ਲੱਗ ਜਾਣ ਕਾਰਨ ਇਹ ਮਸਲਾ ਠੰਡੇ ਬਸਤੇ ਵਿੱਚ ਚਲਿਆ ਗਿਆ। ਮੁੜ ਅੱਜ ਬੀ.ਕੇ.ਯੂ. ਡਕੌਂਦਾ ਵੱਲੋਂ ਬੈਂਕ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ ਪਰ ਬੈਂਕ ਮੁਲਾਜਮਾ ਗੱਲਬਾਤ ਕਰਨ ਤੋਂ ਪਾਸਾ ਵੱਟ ਗਏ ਅਤੇ ਬੈਂਕ ਲੌਕ ਕਰਕੇ ਫਰਾਰ ਹੋ ਗਏ। ਇਸ ਸਮੇਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਐਲਾਨ ਕੀਤਾ ਕਿ ਆਉਣ ਵਾਲੀ 14 ਅਗਸਤ ਨੂੰ ਜਥੇਬੰਦੀ ਵੱਲੋਂ ਲੋਕਾਂ ਨੂੰ ਲਾਮਬੰਦ ਕਰਕੇ ਇਸ ਬੈਂਕ ਦਾ ਅਣਮਿੱਥੇ ਸਮੇਂ ਦਾ ਘਿਰਾਓ ਕੀਤਾ ਜਾਵੇਗਾ ਤਾਂ ਜੋ ਪੀੜਤ ਕਿਸਾਨ ਨੂੰ ਜਮੀਨ ਦਾ ਕਲੀਅਰ ਸਰਟੀਫਿਕੇਟ ਦਿਵਾਇਆ ਜਾਵੇ। ਇਸ ਸਮੇਂ ਮਹਿੰਦਰ ਭੈਣੀਬਾਘਾ, ਤਾਰਾ ਚੰਦ, ਮੱਖਣ ਭੈਣੀਬਾਘਾ, ਬਲਵਿੰਦਰ ਸ਼ਰਮਾ, ਰਾਜ ਅਕਲੀਆ, ਕੇਵਲ ਮਾਖਾ, ਮਨਜੀਤ ਉੱਲਕ, ਸਤਪਾਲ ਬਰ੍ਹੇ, ਹਰਦੇਵ ਰਾਠੀ ਹਾਜਰ ਸਨ।





