
ਲੁਧਿਆਣਾ, (ਬਾਬੁ ਜੋਧਾ) : ਥਾਣਾ ਸ਼ਿਮਲਾਪੁਰੀ ਦੀ ਪੁਲਸ ਵੱਲੋਂ ਦੇਹ ਵਪਾਰ ਦੇ ਅੱਡੇ ਤੋਂ ਵਿਦੇਸ਼ੀ ਕੁੜੀਆਂ ਸਮੇਤ ਫੜ੍ਹੇ ਗਏ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।ਅਸਲ ‘ਚ ਮੁਲਜ਼ਮਾਂ ਨੂੰ ਫੜ੍ਹਨ ਤੋਂ ਬਾਅਦ ਪੁਲਸ ਨੇ ਸਿਹਤ ਮਹਿਕਮੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 6 ਮੁਲਜ਼ਮਾਂ ਦਾ ਕੋਰੋਨਾ ਟੈਸਟ ਕਰਵਾਇਆ ਸੀ, ਜਿਨ੍ਹਾਂ ’ਚੋਂ 3 ਵਿਦੇਸ਼ੀ ਕੁੜੀਆਂ, 1 ਸਥਾਨਕ ਕੁੜੀ ਅਤੇ 1 ਨੌਜਵਾਨ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਲੁਧਿਆਣਾ ਵਾਸੀ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਏ ਜਾਣ ਕਾਰਨ ਭੜਥੂ ਪੈ ਗਿਆ ਹੈ। ਇਸ ਤੋਂ ਬਾਅਦ ਥਾਣਾ ਮੁਖੀ ਵਰੁਣਜੀਤ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਨੂੰ ਪੁਲਸ ਹਿਰਾਸਤ ’ਚ ਮੈਰੀਟੋਰੀਅਸ ਸਕੂਲ ’ਚ ਇਕਾਂਤਵਾਸ ਕੀਤਾ ਗਿਆ ਹੈ। ਦੱਸ ਦੇਈਏ ਕਿ ਅਮੀਰਜ਼ਾਦਿਆਂ ਨੂੰ ਗੋਰੀ ਚਮੜੀ ਦਾ ਖ਼ੁਆਬ ਦਿਖਾ ਕੇ ਦਿੱਲੀ ਅਤੇ ਵਿਦੇਸ਼ਾਂ ਤੋਂ ਕੁੜੀਆ ਲਿਆ ਕੇ ਸ਼ਹਿਰ ‘ਚ ਦੇਹ ਵਪਾਰ ਦਾ ਅੱਡਾ ਚਲਾ ਰਹੇ ਇਕ ਗਿਰੋਹ ਨੂੰ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਬੇਨਕਾਬ ਕੀਤਾ ਸੀ।




