
ਅੰਮ੍ਰਿਤਸਰ, (ਗਗਨ ਢਿੱਲੋਂ) : ਅੰਮ੍ਰਿਤਸਰ ‘ਚ ਜਨਮੇ ਇਕ ਬੱਚੇ ਨੂੰ ‘ਪਲਾਸਟਿਕ ਬੇਬੀ’ ਕਿਹਾ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਦਾ ਜਨਮ ਜੈਨੇਟਿਕ ਡਿਸਆਰਡਰ ਕਾਰਨ ਅਸਾਧਾਰਨ ਢੰਗ ਨਾਲ ਹੋਇਆ ਹੈ। ਸਿਹਤ ਵਿਗਿਆਨਕ ‘ਚ ਇਸ ਨੂੰ ਕੋਲੋਡੀਅਨ ਬੇਬੀ ਕਿਹਾ ਜਾਂਦਾ ਹੈ। ਬੱਚਾ ਰੋਂਦਾ ਹੈ ਤਾਂ ਉਸ ਦੀ ਚਮੜੀ ਪਾਟਣ ਲੱਗ ਪੈਂਦੀ ਹੈ। ਇਕਲੌਤੀ ਸੰਤਾਨ ਦੀ ਇਹ ਹਾਲਤ ਦੇਖ ਕੇ ਮਾਪੇ ਵੀ ਹੈਰਾਨ ਹਨ। ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ‘ਚ ਰਹਿਣ ਵਾਲੇ ਗਗਨਦੀਪ ਸਿੰਘ ਦੀ ਪਤਨੀ ਬਲਜੀਤ ਕੌਰ ਦੀ ਕੁੱਖੋਂ ਕਰੀਬ ਮਹੀਨਾ ਪਹਿਲਾਂ ਜਨਮੇ ਬੱਚੇ ਦਾ ਨਾਂ ਗੁਰਸੇਵਕ ਸਿੰਘ ਰੱਖਾ ਗਿਆ ਹੈ। ਗੁਰਸੇਵਕ ਦੇ ਜਨਮ ਮੌਕੇ ਉਸ ਦੇ ਪੂਰੇ ਸਰੀਰ ‘ਤੇ ਚਮੜੀ ਦੀ ਇਕ ਪਰਤ ਚੜ੍ਹੀ ਹੋਈ ਸੀ। ਉਸ ਦੀਆਂ ਅੱਖਾਂ ਤਕ ਚਮੜੀ ਨਾਲ ਢੱਕੀਆਂ ਹੋਈਆਂ ਸਨ। ਗੁਰੂ ਨਾਨਕ ਦੇਵ ਹਸਪਤਾਲ ਨੇ ਜਾਂਚ ‘ਚ ਪਾਇਆ ਕਿ ਇਹ ਕੋਲੋਡੀਅਨ ਬੇਬੀ ਹੈ। ਇਸ ਤੋਂ ਬਾਅਦ ਚਮੜੀ ‘ਤੇ ਕੁਝ ਲੇਪ ਕੀਤੇ ਗਏ। ਜਨਮ ਦੇ 15 ਦਿਨਾਂ ਬਾਅਦ ਬੱਚੇ ਦੇ ਸਰੀਰ ਤੋਂ ਚਮੜੀ ਦੀ ਪਰਤ ਰਹੱਸਮਈ ਢੰਗ ਨਾਲ ਉਤਰਨ ਲੱਗ ਪਈ। ਸਾਰੀ ਚਮੜੀ ਉਤਰ ਗਈ ਤਾਂ ਬੱਚੇ ਦੀਆਂ ਅੱਖਾਂ ਦਿਖਾਈ ਦੇਣ ਲੱਗ ਪਈਆਂ। ਉਸ ਦੀਆਂ ਅੱਖਾਂ ਤੇ ਬੁੱਲ ਮੱਛੀ ਵਰਗੇ ਹਨ। ਕੋਲੋਡੀਅਨ ਬੇਬੀ ਦਾ ਚਿਹਰਾ ਇਸੇ ਤਰ੍ਹਾਂ ਦਿਖਾਈ ਦਿੰਦਾ ਹੈ। ਗੁਰਸੇਵਕ ਸਿੰਘ ਦੇ ਪਿਤਾ ਗਗਨਦੀਪ ਸਿੰਘ ਅਨੁਸਾਰ ਉਹ ਆਨਲਾਈਨ ਕੰਪਨੀ ‘ਚ ਡਲਿਵਰੀ ਦਾ ਕੰਮ ਕਰਦਾ ਹੈ। ਇਹ ਉਨ੍ਹਾਂ ਦੀ ਪਹਿਲੀ ਔਲਾਦ ਹੈ।
10 ਲੱਖ ‘ਚ ਇਕ ਬੱਚਾ ਹੁੰਦਾ ਹੈ ਕੋਲੋਡੀਅਨ
ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਿਆਂ ਦੇ ਰੋਗ ਦੇ ਮਾਹਿਰ ਸੰਦੀਪ ਅਗਰਵਾਲ ਅਨੁਸਾਰ ਕੋਲੋਡੀਅਨ ਬੇਬੀ ਦਾ ਜਨਮ ਇਕ ਅਸਾਧਾਰਨ ਘਟਨਾ ਹੈ। ਅਜਿਹਾ ਜੈਨੇਟਿਕ ਡਿਸਆਰਡਰ ਕਾਰਨ ਹੁੰਦਾ ਹੈ। ਆਮ ਸ਼ਬਦਾਂ ‘ਚ ਕਹੀਏ ਤਾਂ ਮਾਤਾ-ਪਿਤਾ ਦੇ ਗੁਣ ਸੂਤਰਾਂ ‘ਚ ਸੰਕ੍ਰਮਣ ਕਾਰਨ ਅਜਿਹੇ ਬੱਚਿਆਂ ਦਾ ਜਨਮ ਹੁੰਦਾ ਹੈ। ਬੱਚੇ ਦੀ ਚਮੜੀ ਰਬੜ ਵਰਗੀ ਹੁੰਦੀ ਹੈ। ਕਰੀਬ 10 ਲੱਖ ਬੱਚਿਆਂ ਪਿੱਛੇ ਇਕ ਬੱਚਾ ਅਜਿਹਾ ਹੁੰਦਾ ਹੈ। ਬੱਚੇ ਦੀ ਚਮੜੀ ਸੱਪ ਦੀ ਚਮੜੀ ਵਾਂਗ ਦਿਖਾਈ ਦਿੰਦੀ ਹੈ, ਜਦਕਿ ਚਿਹਰਾ ਮੱਛੀ ਵਰਗਾ ਹੁੰਦਾ ਹੈ। ਬੱਚੇ ਦੀ ਚਮੜੀ ਜਨਮ ਤੋਂ ਤਿੰਨ-ਚਾਰ ਹਫ਼ਤੇ ਬਾਅਦ ਉਤਰਨ ਲੱਗ ਪੈਂਦੀ ਹੈ। ਜੇ ਬੱਚਾ ਰੋਂਦਾ ਹੈ ਤਾਂ ਚਮੜੀ ਪਾਟਣ ਲੱਗ ਪੈਂਦੀ ਹੈ। ਅਜਿਹੇ ਬੱਚੇ ਪਲਾਸਟਿਕ ਦੀ ਗੁੱਡੀ ਵਾਂਗ ਲੱਗਦੇ ਹਨ। ਬੁੱਲਾਂ ਤੇ ਅੱਖਾਂ ਦਾ ਰੰਗ ਲਾਲ ਹੁੰਦਾ ਹੈ।
ਅੰਮ੍ਰਿਤਸਰ ‘ਚ ਤੀਸਰੇ ਕੋਲੋਡੀਅਨ ਬੇਬੀ ਦਾ ਜਨਮ
ਸਾਲ 2014 ਤੇ 2017 ‘ਚ ਦੋ ਕੋਲੋਡੀਅਨ ਬੇਬੀ ਜਨਮੇ ਸਨ। ਮਾੜੀ ਕਿਸਮਤ ਦੋਵਾਂ ਦੀ ਜਾਨ ਚਲੀ ਗਈ। ਅੰਮ੍ਰਿਤਸਰ ‘ਚ ਇਹ ਤੀਸਰਾ ਕੋਲੋਡੀਅਨ ਬੇਬੀ ਹੈ। ਇਸ ਦੀ ਹਾਲਤ ‘ਚ ਕਾਫੀ ਸੁਧਾਰ ਹੈ। ਬੱਚੇ ਦੇ ਅੰਦਰੂਨੀ ਅੰਗ ਕੰਮ ਕਰ ਰਹੇ ਹਨ, ਸਿਰਫ ਚਮੜੀ ਦਾ ਇਨਫੈਕਸ਼ਨ ਹੈ, ਜੋ ਹੌਲੀ-ਹੌਲੀ ਘੱਟ ਰਿਹਾ ਹੈ। ਡਾਕਟਰਾਂ ਅਨੁਸਾਰ ਬੱਚੇ ਦੇ ਆਮ ਹੋਣ ਦੀ ਸੰਭਾਵਨਾ ਜ਼ਿਆਦਾ ਹੈ।






