17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਜ਼ਹਿਰੀਲੀ ਸ਼ਰਾਬ ਨਾਲ ਪਤੀ ਤੇ ਦਿਲ ਦੇ ਦੌਰੇ ਕਾਰਨ ਪਤਨੀ ਦੀ ਮੌਤ

ਜ਼ਹਿਰੀਲੀ ਸ਼ਰਾਬ ਨਾਲ ਪਤੀ ਤੇ ਦਿਲ ਦੇ ਦੌਰੇ ਕਾਰਨ ਪਤਨੀ ਦੀ ਮੌਤ

ਤਰਨਤਾਰਨ, (ਸ਼ਮਸ਼ੇਰ ਸਿੰਘ) : ਜ਼ਹਿਰੀਲੀ ਸ਼ਰਾਬ ਪੀਣ ਨਾਲ ਤਰਨਤਾਰਨ ਦੇ ਮੁਰਾਦਪੁਰਾ ‘ਚ ਰਹਿਣ ਵਾਲੇ ਸੁਖਦੇਵ ਸਿੰਘ ਦੀ ਮੌਤ ਦੀ ਖ਼ਬਰ ਸੁਣ ਉਸ ਦੀ ਪਤਨੀ ਜੋਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿਤਾ ਦੀ ਮੌਤ ਸਮੇਂ ਬੱਚੇ ਸਾਰੀ ਰਾਤ ਆਪਣੀ ਮਾਂ ਦੀ ਲਾਸ਼ ਨਾਲ ਹੀ ਸੌਂਦੇ ਰਹੇ। ਜ਼ਹਿਰੀਲੀ ਸ਼ਰਾਬ ਕਾਰਨ ਜਦੋਂ ਸ਼ਮਸ਼ਾਨਘਾਟ ‘ਚ ਇਨ੍ਹਾਂ ਦੋਵਾਂ ਲਾਸ਼ਾਂ ਦੇ ਸਸਕਾਰ ਲਈ ਸਥਾਨ ਨਾ ਮਿਲਿਆ ਤਾਂ ਇਸ ਜੋੜੇ ਦੀਆਂ ਲਾਸ਼ਾਂ ਦਾ ਸਸਕਾਰ ਇਕ ਹੀ ਚਿਤਾ ‘ਤੇ ਕੀਤਾ ਗਿਆ। ਇੰਨਾ ਹੀ ਨਹੀਂ, ਸੁਖਦੇਵ ਤੇ ਜੋਤੀ ਦਾ ਸਸਕਾਰ ਕਰ ਕੇ ਜਦੋਂ ਉਸਦਾ ਭਰਾ ਮਨਜੀਤ ਸਿੰਘ ਤੇ ਭਰਜਾਈ ਕਮਲਜੀਤ ਕੌਰ ਜਿਵੇਂ ਹੀ ਵਾਪਸ ਆਏ ਤਾਂ ਘਰ ‘ਚ ਚਾਰੋਂ ਬੱਚੇ ਨਹੀਂ ਸਨ। ਗੁਆਂਢੀਆਂ ਕੋਲੋਂ ਪੁੱਛਣ ‘ਤੇ ਪਤਾ ਚੱਲਿਆ ਕਿ ਬੱਚਿਆਂ ਨੂੰ ਐੇੱਨਜੀਓ ਚਲਾਉਣ ਵਾਲਾ ਗਗਨਦੀਪ ਸਿੰਘ ਆਪਣੇ ਘਰ ਲੈ ਗਿਆ ਹੈ। ਮਨਜੀਤ ਸਿੰਘ ਨੇ ਸ਼ੱਕ ਪ੍ਰਗਟਾਇਆ ਕਿ ਗਗਨਦੀਪ ਸਿੰਘ ਉਨ੍ਹਾਂ ਦੇ ਬੱਚਿਆਂ ਨੂੰ ਅਗਵਾ ਕਰ ਕੇ ਲੈ ਗਿਆ ਹੈ। ਉਨ੍ਹਾਂ ਨੇ ਜਦੋਂ ਗਗਨਦੀਪ ਨੂੰ ਬੱਚਿਆਂ ਨੂੰ ਵਾਪਸ ਭੇਜਣ ਲਈ ਕਿਹਾ ਤਾਂ ਉਸ ਨੇ ਕਾਨੂੰਨ ਦਾ ਡਰਾਵਾ ਦੇ ਕੇ ਉਨ੍ਹਾਂ ਨੂੰ ਭਜਾ ਦਿੱਤਾ। ਗਗਨਦੀਪ ਸਿੰਘ ਨੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਸ ਦੀ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਨਾਲ ਫ਼ੋਨ ‘ਤੇ ਗੱਲ ਹੋਈ ਹੈ ਤੇ ਉਸ ਦੀ ਮਨਜ਼ੂਰੀ ਤੋਂ ਬਾਅਦ ਹੀ ਉਹ ਬੱਚਿਆਂ ਨੂੰ ਆਪਣੇ ਨਾਲ ਲੈ ਗਿਆ ਸੀ। ਐਤਵਾਰ ਨੂੰ ਦੇਰ ਰਾਤ ਨੂੰ ਮੀਡੀਆ ਦੀ ਮੌਜੂਦਗੀ ‘ਚ ਗਗਨਦੀਪ ਨੇ ਬੱਚੇ ਪਰਿਵਾਰ ਸਪੁਰਦ ਕੀਤੇ।

ਪਰਿਵਾਰ ਨੇ ਨਾ ਰੱਖੇ ਤਾਂ ਬਾਲ ਸੁਧਾਰ ਘਰ ਭੇਜੇ ਜਾਣਗੇ ਬੱਚੇ

ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਗਗਨਦੀਪ ਸਿੰਘ ਨੂੰ ਚਾਰਾਂ ਬੱਚਿਆਂ ਦੀ ਦੇਖਭਾਲ ਕਰਨ ਲਈ ਕਿਹਾ ਸੀ। ਉਨ੍ਹਾਂ ਦੋਵਾਂ ਧਿਰਾਂ ਨੂੰ ਸਵੇਰੇ ਤਿੰਨ ਵਜੇ ਦਫ਼ਤਰ ਬੁਲਾਇਆ ਹੈ। ਇਸ ਸਮੇਂ ਚਾਰੋਂ ਬੱਚੇ ਵੀ ਹਾਜ਼ਰ ਰਹਿਣਗੇ। ਬੱਚਿਆਂ ਦੀ ਮਰਜ਼ੀ ਅਨੁਸਾਰ ਤੇ ਬਾਕੀਆਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜੇ ਬੱਚਿਆਂ ਦੇ ਰਿਸ਼ਤੇਦਾਰ ਇਨ੍ਹਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹਨ ਤਾਂ ਕਾਨੂੰਨੀ ਪ੍ਰਕਿਰਿਆ ਅਪਣਾਉਣੀ ਹੋਵੇਗੀ ਨਹੀਂ ਤਾਂ ਬੱਚਿਆਂ ਨੂੰ ਹੁਸ਼ਿਆਰਪੁਰ ‘ਚ ਬਾਲ ਸੁਧਾਰ ਘਰ ‘ਚ ਭੇਜਿਆ ਜਾਵੇਗਾ।

Today Now News

RELATED ARTICLES
- Advertisment -

POPULAR POSTS