
ਚੰਡੀਗੜ, (ਮੋਹਨ ਕੇ.ਪੀ.) : ਸ਼ਹਿਰ ਦੇ ਗਵਰਨਮੈਂਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ‘ਚ ਕੋਰੋਨਾ ਦੇ ਇਕ ਮਰੀਜ਼ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਲਹੂ-ਲੁਹਾਨ ਹਾਲਤ ‘ਚ ਮਰੀਜ਼ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਜੀਐੱਮਸੀਐੱਚ-32 ਦੇ ਮੋਰਚਰੀ ‘ਚ ਰੱਖਵਾ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।ਜਾਣਕਾਰੀ ਮੁਤਾਬਿਕ, ਸ਼ਹਿਰ ਦੇ ਸੈਕਟਰ-55 ‘ਚ ਰਹਿਣ ਵਾਲੇ 60 ਸਾਲ ਚੁੰਨੀ ਲਾਲ ਕੋਰੋਨਾ ਦੇ ਮਰੀਜ਼ ਸਨ ਤੇ ਉਨ੍ਹਾਂ ਦਾ ਇਲਾਜ ਜੀਐੱਸਸੀਐੱਚ-32 ‘ਚ ਚੱਲ ਰਿਹਾ ਸੀ। ਐਤਵਾਰ ਸਵੇਰੇ ਕਰੀਬ 7.30 ਵਜੇ ਉਨ੍ਹਾਂ ਅਚਾਨਕ ਹਸਪਤਾਲ ਦੇ ਏ-ਬਲਾਕ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹੇਠਾਂ ਡਿੱਗਣ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਹਸਪਤਾਲ ‘ਚ ਡਿਊਟੀ ਦੇ ਰਹੇ ਚਾਰ ਸਿਕਓਰਟੀ ਗਾਰਡਜ਼ ਨੇ ਉਨ੍ਹਾਂ ਨੂੰ ਤੁਰੰਤ ਐਂਮਰਜੈਂਸੀ ਵਾਰਡ ‘ਚ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਸਿਕਓਰਟੀ ਗਾਰਡ ‘ਤੇ ਵੀ ਮੰਡਰਾਇਆ ਕੋਰੋਨਾ ਦਾ ਖ਼ਤਰਾ
ਇਸ ਘਟਨਾ ਤੋਂ ਬਾਅਦ ਹਸਪਤਾਲ ‘ਚ ਸਨਸਨੀ ਫੈਲ ਗਈ ਹੈ। ਇਸ ਦੀ ਸੂਚਨਾ ਤੁਰੰਤ ਪੁਲਿਸ ਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਮਰੀਜ਼ ਨੇ ਅਜਿਹਾ ਕਦਮ ਕਿਉਂ ਚੁੱਕਿਆ ਪੁਲਿਸ ਇਸ ਦੀ ਜਾਂਚ ‘ਚ ਜੁਟ ਗਈ ਹੈ। ਜਿਨ੍ਹਾਂ ਗਾਰਡਜ਼ ਨੇ ਮਰੀਜ਼ ਨੂੰ ਇਲਾਜ ਲਈ ਐਂਮਰਜੈਂਸੀ ‘ਚ ਪਹੁੰਚਾਇਆ, ਹੁਣ ਉਨ੍ਹਾਂ ‘ਚ ਵੀ ਕੋਰੋਨਾ ਸੰਕ੍ਰਮਣ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਅਜਿਹੇ ‘ਚ ਉਸ ਨੂੰ ਕੁਆਰੰਟਾਈਨ ਕੀਤਾ ਜਾ ਸਕਦਾ ਹੈ।



