
ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਰਾਜ ਸਭਾ ਮੈਂਬਰਾਂ , ਪਾਰਟੀ ਤੇ ਸਰਕਾਰ ਦਰਮਿਆਨ ਚੱਲ ਰਹੇ ਕਲੇਸ਼ ਦਰਮਿਆਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਤਲਖ਼ੀ ਭਰੇ ਤੇਵਰ ਦਿਖਾਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸੂਬੇ ‘ਚ ਕਾਂਗਰਸ ਦੇ 90 ਫ਼ੀਸਦੀ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਖ਼ਿਲਾਫ਼ ਹਨ। ਭਾਵੇਂ ਹੀ ਇਹ ਵਿਧਾਇਕ ਸਰਕਾਰ ਦੇ ਪੱਖ ‘ਚ ਪੱਤਰ ਜਾਰੀ ਕਰ ਰਹੇ ਹੋਣ ਪਰ ਸੱਚਾਈ ਇਹ ਹੈ ਕਿ ਇਹ ਵਿਧਾਇਕ ਸਰਕਾਰ ਤੇ ਪਾਰਟੀ ਨਾਲ ਨਾਰਾਜ਼ ਹਨ। ਵਿਧਾਇਕ ਨਹੀਂ ਚਾਹੁੰਦੇ ਕਿ ਕੈਪਟਨ ਤੇ ਜਾਖੜ ਦੀ ਪੰਜਾਬ ‘ਚ ਲੀਡਰਸ਼ਿਪ ਜਾਰੀ ਰਹੇ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੂੰ ਇਸ ਸਬੰਧੀ ਛੇਤੀ ਫ਼ੈਸਲਾ ਕਰਨਾ ਪਵੇਗਾ। ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ ਸਾਰੇ ਵਿਧਾਇਕਾਂ ਨੂੰ ਇਕੱਠੇ ਬੁਲਾਉਣ ਦੀ ਬਜਾਏ ਇਕ-ਇਕ ਕਰ ਕੇ ਦਿੱਲੀ ਬੁਲਾ ਕੇ ਉਨ੍ਹਾਂ ਦੀ ਪੀੜਾ ਸੁਣਨੀ ਚਾਹੀਦੀ ਹੈ। ਇਸ ਦੌਰਾਨ ਨਾ ਮੁੱਖ ਮੰਤਰੀ ਨੂੰ ਬੁਲਾਇਆ ਜਾਵੇ, ਨਾ ਸੂਬਾ ਇੰਚਾਰਜ ਤੇ ਨਾ ਹੀ ਸੂਬਾ ਪ੍ਰਧਾਨ ਨੂੰ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕਾਂ ਨਾਲ ਗੱਲਬਾਤ ਕਰ ਕੇ ਜਦੋਂ ਉਹ ਕੈਪਟਨ ਤੇ ਜਾਖੜ ਤੋਂ ਨਾਰਾਜ਼ ਕਾਂਗਰਸੀ ਵਿਧਾਇਕਾਂ ਦੀ ਗਿਣਤੀ ਕਰਨਗੇ ਤਾਂ ਨਾਰਾਜ਼ ਵਿਧਾਇਕਾਂ ਦੀ ਗਿਣਤੀ 90 ਦੀ ਬਜਾਏ 95 ਫ਼ੀਸਦੀ ਹੋਵੇਗੀ। ਹਾਈਕਮਾਂਡ ਨੂੰ ਸਾਰਿਆਂ ਦਾ ਪੱਖ ਸੁਣ ਕੇ ਸਥਿਤੀ ਛੇਤੀ ਸਪੱਸ਼ਟ ਕਰ ਦੇਣੀ ਚਾਹੀਦੀ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਿਸੇ ਇਕ ਦੀ ਪਿੱਠ ‘ਤੇ ‘ਥਾਪੀ’ ਮਾਰ ਦੇਣੀ ਚਾਹੀਦੀ ਹੈ ਤਾਂ ਕਿ ਵਿਧਾਇਕਾਂ ਲਈ ਵੀ ਤਸਵੀਰ ਸਾਫ਼ ਹੋ ਜਾਵੇ ਕਿਉਂਕਿ ਹੁਣ ਕੁੰਡੀ ਰਾਜ ਸਭਾ ਮੈਂਬਰ ਤੇ ਮੁੱਖ ਮੰਤਰੀ ਦਰਮਿਆਨ ਫਸੀ ਹੋਈ ਹੈ। ਜੇ ਕੈਪਟਨ ਨੂੰ ‘ਥਾਪੀ’ ਦਿੱਤੀ ਗਈ ਤਾਂ 2022 ਤਕ ਗੇਮ ਓਵਰ ਹੋ ਜਾਵੇਗੀ ਤੇ ਮੈਂ ਕੈਪਟਨ ਦੀ ਅਗਵਾਈ ‘ਚ ਚੋਣ ਨਹੀਂ ਲੜਾਂਗਾ। ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਦੋ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਸੀਬੀਆਈ ਜਾਂਚ ਦੀ ਮੰਗ ਸਬੰਧੀ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਹੀ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਚਰਮ ‘ਤੇ ਪਹੁੰਚ ਗਈ ਹੈ।






