ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਮੈਨੇਜਰ ਸ਼੍ਰੀਮਤੀ ਨੇਹਾ ਸਿੰਘ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਪੈਨਸ਼ਨ ਭਵਨ ਮਾਨਸਾ ਵਿਖੇ ਪੈਨਸ਼ਨਰਜ ਐਸੋਸੀਏਸ਼ਨ ਜਿਲਾ ਮਾਨਸਾ ਵਲੋਂ ਅਪਣੇ ਸਲਾਨਾ ਸਮਾਗਮ ਵਿਚ 75, 80 ਅਤੇ 85 ਸਾਲ ਤੋਂ ਵੱਧ ਉਮਰ ਦੇ ਚਾਲੀ ਸੁਪਰ ਸੀਨੀਅਰ ਪੈਨਸ਼ਨਰਾਂ ਨੂੰ ਸ਼ਾਲ ਲੋਈਆਂ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਮੈਨੇਜਰ ਸ਼੍ਰੀਮਤੀ ਨੇਹਾ ਸਿੰਘ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਉਨਾ ਕਿਹਾ ਕਿ ਸਟੇਟ ਬੈਂਕ ਪਹਿਲ ਦੇ ਅਧਾਰ ਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਹੱਲ ਕੇਗਾ। ਸਮਾਗਮ ਦੇ ਸ਼ੁਰੂ ਵਿਚ ਸਾਲ ਦੌਰਾਨ ਵਿਛੜੇ ਸੇਵਾ ਮੁਕਤ ਮੁਲਾਜ਼ਮ ਸਾਥੀਆਂ, ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ, ਜਥੇਬੰਦੀ ਦੇ ਸੂਬਾ ਆਗੂ ਸ਼੍ਰੀ ਮਹਿੰਦਰ ਸਿੰਘ ਪਰਵਾਨਾ, ਜਿਲਾ ਆਗੂਆਂ ਵੀ ਪੀ ਰਾਣਾ ਅਤੇ ਆਤਮਾ ਸਿੰਘ ਆਤਮਾ ਨੂੰ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਸਮਾਗਮ ਦੌਰਾਨ ਬੋਲਦਿਆਂ ਜਥੇਬੰਦੀ ਦੇ ਜਿਲਾ ਪ੍ਰਧਾਨ ਪ੍ਰੋ ਲੱਖਾ ਸਿੰਘ ਸਹਾਰਨਾ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੀਆਂ ਬਕਾਇਆ ਡੀ ਏ ਦੀਆਂ ਤੁਰੰਤ ਜਾਰੀ ਕਰੇ ਅਤੇ ਮੈਡੀਕਲ ਭੱਤੇ ਵਿੱਚ ਤੁਰੰਤ ਵਾਧਾ ਕਰੇ। ਉਨਾਂ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਘਟੀਆ ਰਵਈਏ ਕਾਰਨ ਪੈਨਸ਼ਨਰਜ ਨੂੰ ਇਸ ਬੁਢਾਪੇ ਵਿੱਚ ਵੀ ਅਪਦੀਆਂ ਜਾਇਜ ਮੰਗਾਂ ਲਈ ਧਰਨੇ ਮੁਜਾਹਰੇ ਕਰਨੇ ਪੈ ਰਹੇ ਹਨ। ਪ੍ਰਿੰਸੀਪਲ ਦਰਸ਼ਨ ਸਿੰਘ ਢਿਲੋਂ ਨੇ ਕਿਹਾ ਕਿ ਪੈਨਸ਼ਨਰਾਂ ਦੀ ਭਲਾਈ ਹਿਤ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤਰਜੀਹੀ ਅਧਾਰ ਤੇ ਪੂਰਾ ਕੀਤਾ ਜਾਵੇ, ਪੈਨਸ਼ਨਰਜ ਲਈ ਡੋਰ ਸਟੈਪ ਬੈਂਕਿੰਗ ਲਾਗੂ ਕੀਤੀ ਜਾਵੇ ਅਤੇ ਦਫਤਰਾਂ ਬੈਂਕਾਂ ਵਿੱਚ ਉਨਾ ਦੇ ਕੰਮਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਜਥੇਬੰਦੀ ਦੇ ਜਨਰਲ ਸਕੱਤਰ ਸ਼੍ਰੀ ਪ੍ਰਿਥੀ ਸਿੰਘ ਮਾਨ ਅਤੇ ਖਜਾਨਚੀ ਸ਼੍ਰੀ ਹੰਸ ਰਾਜ ਨੇ ਕਿਹਾ ਕਿ ਐਸੋਸੀਏਸ਼ਨ ਹਰ ਦੁਖ ਸੁਖ ਵਿੱਚ ਤੇ ਕਿਸੇ ਵੀ ਹਾਲਤ ਵਿੱਚ ਕਿਸੇ ਪੈਨਸ਼ਨਰ ਨੂੰ ਆ ਰਹੀ ਕੋਈ ਵੀ ਸਮੱਸਿਆ ਵਿੱਚ ਉਹਦੇ ਨਾਲ ਡਟ ਕੇ ਖੜੇਗੀ। ਉਨਾ ਅਜ ਦੇ ਸਮਾਗਮ ਵਿਚ ਸਨਮਾਨਿਤ ਹੋਣ ਵਾਲੇ ਸਾਰੇ 40 ਸੀਨੀਅਰ ਪੈਨਸ਼ਨਰਾਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਸ਼੍ਰੀ ਲੱਖਾ ਸਿੰਘ ਫਫੜੇ, ਸ਼੍ਰੀ ਜਸਬੀਰ ਢੰਡ, ਲੱਖਾ ਸਿੰਘ ਸਹਾਰਨਾ, ਪਿਰਥੀ ਸਿੰਘ ਮਾਨ, ਸ਼੍ਰੀ ਜਗਦੀਸ਼ ਰਾਏ, ਸੁਖਚੈਨ ਸਿੰਘ ਸਦੇਵਾਲੀਆ, ਪ੍ਰਿੰਸੀਪਲ ਬਲਦੇਵ ਸਿੰਘ ਧਾਲੀਵਾਲ, ਮਿੰਦਰ ਪਾਲ ਅਤਲਾ, ਪਰਮਜੀਤ ਕੌਰ, ਕਮਲੇਸ਼ ਰਾਣੀ, ਅਰਵਿੰਦਰ ਕੌਰ, ਜਤਿਨ ਗਰਗ, ਸੋਮ ਦੱਤ, ਗੁਰਦੇਵ ਸਿੰਘ ਕੋਟ ਧਰਮੂ ਅਤੇ ਪ੍ਰਿੰਸੀਪਲ ਸ਼ਗਨਾ ਸਿੰਘ ਰਾਠੀ ਨੇ ਵੀ ਸੰਬੋਧਨ ਕੀਤਾ।




