
ਹੀਰੋਂ ਖੁਰਦ: ਪਿੰਡ ਹੋਡਲਾ ਕਲਾਂ ਵਿਚ ਨੰਨ੍ਹੇ ਬੱਚੇ ਦੀ ਟੋਭੇ ਦੇ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋਣ ਬਾਰੇ ਦੁਖਦਾਈ ਖ਼ਬਰ ਮਿਲੀ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਹਰਪ੍ਰੀਤ ਕੌਰ ਪਤਨੀ ਬਲਜੀਤ ਸਿੰਘ ਹਰ ਰੋਜ਼ ਵਾਂਗ ਮਗਨਰੇਗਾ ਤਹਿਤ ਟੋਭੇ ਦੇ ਕੀਤੇ ਜਾ ਰਹੇ ਕੰਮ ਤਹਿਤ ਮਜ਼ਦੂਰੀ ਕਰਨ ਗਈ ਸੀ, ਉਸ ਨਾਲ ਉਸ ਦਾ 4 ਸਾਲਾ ਬੱਚਾ ਜਸ਼ਨਪ੍ਰੀਤ ਸਿੰਘ ਵੀ ਚਲਾ ਗਿਆ। ਉਨ੍ਹਾਂ ਛੱਪੜ ਦੇ ਇਕ ਪਾਸੇ ਟੋਏ ਵਿਚ ਕੁਝ ਘਰਾਂ ਦਾ ਪਾਣੀ ਜਮ੍ਹਾਂ ਕਰਨ ਵਾਸਤੇ ਟੋਆ ਰੱਖਿਆ ਹੋਇਆ ਸੀ ਤੇ ਬੱਚਾ ਜਸ਼ਨਪ੍ਰੀਤ ਸਿੰਘ ਖੇਡਦਾ-ਖੇਡਦਾ ਉਸ ਟੋਏ ਵਿਚ ਜਾ ਡਿੱਗਿਆ। ਇਸ ਮਗਰੋਂ ਬੱਚੇ ਦੀ ਲਾਸ਼ ਪਾਣੀ ‘ਤੇ ਤੈਰਦੀ ਦੇਖੀ ਗਈ। ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਮੁਤਾਬਕ ਪੁਲਿਸ ਨੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ। ਬੱਚੇ ਦੀ ਅਚਾਨਕ ਮੌਤ ਨਾਲ ਪਿੰਡ ਹੋਡਲਾ ਕਲਾਂ ਵਿਚ ਮਾਤਮ ਛਾ ਗਿਆ ਹੈ। ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ।






