
ਫਿਰੋਜ਼ਪੁਰ, (ਜੱਸੀ) : ਸੀਆਈਏ ਸਟਾਫ਼ ਫ਼ਾਜ਼ਿਲਕਾ ਅਤੇ ਬੀਐਸਐਫ 136 ਬਟਾਲੀਅਨ ਨੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ 3.800 ਕਿਲੋਗ੍ਰਾਮ ਹੈਰੋਇਨ ਅਤੇ ਇਕ ਵਿਦੇਸ਼ੀ ਪਿਸਟਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗੌਰਤਲਬ ਹੈ ਕਿ ਮਿਤੀ ਨੂੰ ਪਰਸੋਂ 4 ਅਕਤੂਬਰ ਜਲਾਲਾਬਾਦ ਦੇ ਬਾਹਮਣੀ ਚੌਕ ਵਿਚ ਪੁਲਸ ਨੇ ਸ਼ੱਕੀ ਆਲਟੋ ਕਾਰ ਨੂੰ ਰੋਕ ਕੇ 120 ਗਰਾਮ ਹੈਰੋਇਨ ਅਤੇ 60 ਹਜ਼ਾਰ ਰੁਪਏ ਦੀ ਡਰੱਗਮਨੀ ਸਮੇਤ 2 ਤਸਕਰਾਂ ਗ੍ਰਿਫ਼ਤਾਰ ਕੀਤਾ ਸੀ। ਜ਼ਿਲ੍ਹਾ ਫ਼ਾਜ਼ਿਲਕਾ ਦੇ ਐਸਐਸਪੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਫਾਜ਼ਿਲਕਾ ਵੱਲੋਂ ਕੀਤੀ ਗਈ ਡੂੰਘੀ ਪੁੱਛ ਗਿੱਛ ਦੌਰਾਨ ਦੋਵੇਂ ਤਸਕਰਾਂ ਕੁਲਵੰਤ ਸਿੰਘ ਉਰਫ ਕੰਤਾ ਵਾਸੀ ਅਸਮਾਨ ਵਾਲਾ ਅਤੇ ਗੁਰਭੇਜ ਸਿੰਘ ਉਰਫ ਭੇਜਾ ਵਾਸੀ ਨਿਜ਼ਾਮ ਵਾਲਾ (ਥਾਣਾ ਆਰਿਫ ਕੇ) ਜ਼ਿਲ੍ਹਾ ਫ਼ਿਰੋਜ਼ਪੁਰ ਦੀ ਨਿਸ਼ਾਨਦੇਹੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਹਿੰਦ ਪਾਕਿ ਸਰਹੱਦ ‘ਤੇ ਸਥਿੱਤ ਬੀ ਓ ਪੀ ਬਾਰੇ ਕੇ ਵਿਖੇ ਤਾਰੋਂ ਪਾਰ ਜ਼ਮੀਨ ਵਿਚ ਦੱਬੀ ਹੋਈ 3.800 ਕਿੱਲੋਗ੍ਰਾਮ ਹੈਰੋਇਨ ਅਤੇ ਇਕ ਵਿਦੇਸ਼ੀ ਪਿਸਟਲ (ਮੇਡ ਇਨ ਇਟਲੀ) ਬਰਾਮਦ ਕੀਤਾ ਗਿਆ ਹੈ।


