ਕਾਂਗਰਸੀ ਆਗੂ ਸਮੇਤ 38 ਗਿ੍ਫ਼ਤਾਰ

ਤਰਨਤਾਰਨ, (ਸ਼ਮਸ਼ੇਰ ਸਿੰਘ) : ਤਰਨਤਾਰਨ ਵਿਚ ਐਤਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਹੋਰ ਲੋਕਾਂ ਦੀ ਮੌਤ ਹੋ ਗਈ। ਚਾਰ ਦਿਨਾਂ ‘ਚ ਮਰਨ ਵਾਲਿਆਂ ਦਾ ਅੰਕੜਾ 126 ਹੋ ਗਿਆ ਹੈ। ਇਨ੍ਹਾਂ ਵਿਚ 92 ਲੋਕਾਂ ਦੀ ਮੌਤ ਸਿਰਫ਼ ਤਰਨਤਾਰਨ ਵਿਚ ਹੀ ਹੋਈ ਹੈ। ਇੱਥੇ ਮੌਤਾਂ ਦਾ ਅੰਕੜਾ 100 ਤੋਂ ਪਾਰ ਜਾ ਸਕਦਾ ਹੈ ਕਿਉਂਕਿ ਕੁਝ ਲੋਕਾਂ ਨੇ ਪੁਲਿਸ ਨੂੰ ਦੱਸੇ ਬਿਨਾਂ ਹੀ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਸੀ। ਐਤਵਾਰ ਨੂੰ ਪੁਲਿਸ ਨੇ ਤਰਨਤਾਰਨ ਦੇ ਪਿੰਡ ਮਹਿਮੂਦਪੁਰਾ ਤੋਂ ਬਲਾਕ ਕਾਂਗਰਸ ਆਗੂ ਮੇਜਰ ਸਿੰਘ ਨੂੰ ਗਿ੍ਫ਼ਤਾਰ ਕੀਤਾ। ਐਤਵਾਰ ਨੂੰ ਕੁੱਲ 38 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚੋਂ 20 ਨੂੰ ਤਰਨਤਾਰਨ ਤੋਂ ਜਦਕਿ 18 ਨੂੰ ਅੰਮਿ੍ਤਸਰ ਤੋਂ ਕਾਬੂ ਕੀਤਾ ਗਿਆ। ਕਾਂਗਰਸੀ ਆਗੂ ਦੇ ਘਰੋਂ ਦੋ ਲੱਖ 36 ਹਜ਼ਾਰ ਐੱਮਐੱਲ ਸ਼ਰਾਬ, 3150 ਕਿਲੋ ਲਾਹਣ, ਸ਼ਰਾਬ ਦੀ ਚਾਲੂ ਭੱਠੀ ਤੇ ਇਨੋਵਾ ਗੱਡੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਹੋਰ ਥਾਵਾਂ ਤੋਂ ਵੀ ਦੋ ਚਾਲੂ ਭੱਠੀਆਂ ਤੇ ਲਾਹਣ ਫੜੀ ਗਈ ਹੈ। ਕੁੱਲ 33,245 ਕਿਲੋ ਲਾਹਣ ਬਰਾਮਦ ਹੋਈ ਹੈ। ਅੰਮਿ੍ਤਸਰ ‘ਚ 24 ਘੰਟਿਆਂ ਵਿਚ 49 ਐੱਫਆਈਆਰਜ਼ ਦਰਜ ਕਰ ਕੇ 18 ਲੋਕਾਂ ਨੂੰ ਗਿ੍ਫ਼ਤਾਰ ਕਰ ਕੇ ਦਸ ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ। ਪੁਲਿਸ ਨੇ ਤਰਨਤਾਰਨ ਦੇ ਮਾਸਟਰ ਮਾਈਂਡ ਗੁਰਪਾਲ ਸਿੰਘ ਉਰਫ਼ ਪਾਲੀ ਢੋਟੀਆਂ ਨੂੰ ਪ੍ਰਰੋਡਕਸ਼ਨ ਵਾਰੰਟ ‘ਤੇ ਹਿਰਾਸਤ ਵਿਚ ਲਿਆ ਹੈ। ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਰਨਤਾਰਨ, ਅੰਮਿ੍ਤਸਰ ਤੇ ਗੁਰਦਾਸਪੁਰ ਵਿਚ ਇਕ ਵੱਡਾ ਗਿਰੋਹ ਜ਼ਿਆਦਾ ਅਲਕੋਹਲ ਦੀ ਮਾਤਰਾ ਵਾਲੀ ਸ਼ਰਾਬ ਵੇਚਣ ਦਾ ਨਾਜਾਇਜ਼ ਕਾਰੋਬਾਰ ਕਰ ਰਿਹਾ ਹੈ। ਤਰਨਤਾਰਨ ਵਿਚ ਹੋਈ ਕਾਰਵਾਈ ਬਾਰੇ ਡੀਐੱਸਪੀ ਕਮਲਜੀਤ ਸਿੰਘ ਔਲਖ ਨੇ ਦੱਸਿਆ ਕਿ ਮੇਜਰ ਸਿੰਘ ਤੇ ਉਸ ਦੇ ਪੁੱਤਰ ਨੇ ਘਰ ਵਿਚ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ ਕਮਰਾ ਬਣਾਇਆ ਹੋਇਆ ਸੀ। ਮੇਜਰ ਸਿੰਘ ਖ਼ੁਦ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਕਰੀਬੀ ਦੱਸ ਰਿਹਾ ਹੈ। ਹਾਲਾਂਕਿ ਭੁੱਲਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ।
ਅੰਮਿ੍ਤਸਰ ਦੀ ਰਾਜਾਸਾਂਸੀ ਪੁਲਿਸ ਨੇ ਚਾਰ ਮਾਮਲਿਆਂ ਵਿਚ ਨਾਮਜ਼ਦ ਸਮੱਗਲਰ ਕੋਟਲੀ ਸੱਕਾ ਦੇ ਭਗਵੰਤ ਸਿੰਘ ਨੂੰ ਕਾਬੂ ਕਰ ਲਿਆ ਹੈ। ਉਹ ਜ਼ਮਾਨਤ ਲੈ ਕੇ ਮੁੜ ਇਸੇ ਧੰਦੇ ਵਿਚ ਲੱਗ ਗਿਆ ਸੀ। ਉਸ ਦੇ ਕਬਜ਼ੇ ਵਿਚੋਂ ਚਾਰ ਡਰੰਮ ਲਾਹਣ ਤੇ ਚਾਲੂ ਭੱਠੀ ਬਰਾਮਦ ਕੀਤੀ ਗਈ। ਐੱਸਐੱਸਪੀ ਦਿਹਾਤੀ ਧਰੁਵ ਦਹੀਆ ਨੇ ਦੱਸਿਆ ਕਿ ਫ਼ਤਾਹਪੁਰ ਦੇ ਨਿਰਮਲ ਸਿੰਘ ਨੂੰ 83 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਜਦਕਿ ਉਸ ਦਾ ਪੁੱਤਰ ਰਾਜਾ ਫ਼ਰਾਰ ਹੋ ਗਿਆ। ਇਸ ਤੋਂ ਇਲਾਵਾ ਜਸਵੰਤ ਸਿੰਘ ਉਰਫ਼ ਮਿੱਠੂ ਨੂੰ ਗਿ੍ਫ਼ਤਾਰ ਕਰ ਕੇ 45 ਬੋਲਤਾਂ ਸ਼ਰਾਬ ਬਰਾਮਦ ਕੀਤੀ ਗਈ ਹੈ।
ਤਰਨਤਾਰਨ, ਅੰਮਿ੍ਤਸਰ ਤੇ ਗੁਰਦਾਸਪੁਰ ‘ਚ ਮਿਲ ਕੇ ਚਲਾਉਂਦੇ ਸਨ ਨੈੱਟਵਰਕ
ਤਰਨਤਾਰਨ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਨੇ ਦੱਸਿਆ ਕਿ ਮਾਸਟਰ ਮਾਈਂਡ ਗੁਰਪਾਲ ਸਿੰਘ ਪਾਲੀ ਢੋਟੀਆਂ ਨੂੰ ਨੌਂ ਜੁਲਾਈ ਨੂੰ ਫਿਲੌਰ ਕੋਲੋਂ ਚਾਰ ਹਜ਼ਾਰ ਲੀਟਰ ਅਲਕੋਹਲ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ। ਉਸ ਤੋਂ ਇਲਾਵਾ ਪੰਡੋਰੀ ਗੋਲਾ ਨਿਵਾਸੀ ਉਸ ਦੇ ਭਰਾ ਰਛਪਾਲ ਸਿੰਘ ਸ਼ਾਲੀ ਤੇ ਅੰਗਰੇਜ਼ ਸਿੰਘ ਫ਼ਰਾਰ ਹਨ। ਇਨ੍ਹਾਂ ਦੇ ਸਾਥੀ ਤਰਨਤਾਰਨ ਦੇ ਕਸ਼ਮੀਰ ਤੇ ਮਨਜੀਤ ਕੌਰ ਦੇ ਤਾਰ ਗੁਰਦਾਸਪੁਰ ਤੇ ਅੰਮਿ੍ਤਸਰ ਨਾਲ ਜੁੜੇ ਹਨ। ਜੰਡਿਆਲਾ ਗੁਰੂ ਨਿਵਾਸੀ ਗੋਬਿੰਦਬੀਰ ਸਿੰਘ ਉਰਫ਼ ਗੋਬਿੰਦਾ ਦੇ ਜ਼ਿੰਮੇ ਅੰਮਿ੍ਤਸਰ ਦੀ ਕਮਾਨ ਸੀ ਜਦਕਿ ਗੁਰਦਾਸਪੁਰ ਦੀ ਕਮਾਨ ਦਰਸ਼ਨ ਕੌਰ ਉਰਫ਼ ਰਾਣੀ ਫ਼ੌਜਣ ਸੰਭਾਲਦੀ ਸੀ।
ਦੁੱਧ ਦੇ ਟੈਂਕਰਾਂ ‘ਚ ਆਉਂਦੀ ਸੀ ਅਲਕੋਹਲ
ਪੁਲਿਸ ਮੁਤਾਬਕ ਹੋਰਨਾਂ ਸੂਬਿਆਂ ਤੋਂ ਦੁੱਧ ਦੇ ਟੈਂਕਰਾਂ ਵਿਚ ਅਲਕੋਹਲ ਮੰਗਵਾ ਕੇ ਪਟਿਆਲਾ ਤੇ ਲੁਧਿਆਣਾ ਦੇ ਆਸ-ਪਾਸ ਦੇ ਇਲਾਕਿਆਂ ਵਿਚ ਇਨ੍ਹਾਂ ਨੂੰ ਬਦਲਣ ਦੀ ਜ਼ਿੰਮੇਵਾਰੀ ਆਜ਼ਾਦ ਟਰਾਂਸਪੋਰਟ ਦੇ ਮਾਲਕ ਪ੍ਰਰੇਮ ਸਿੰਘ ਉਰਫ਼ ਪ੍ਰਰੇਮਾ ਪਿੰਦਾ ਨੂੰ ਦਿੱਤੀ ਗਈ ਸੀ।





