
ਬਰਨਾਲਾ, 8 ਅਗਸਤ/ਕਰਨਪ੍ਰੀਤ ਧੰਦਰਾਲ /-ਜ਼ਿਲਾ ਬਰਨਾਲਾ ਵਿੱਚ 0 ਤੋਂਂ 6 ਸਾਲ ਦੇ ਉਮਰ ਵਰਗ ਦੇ 13 ਹਜ਼ਾਰ ਬੱਚਿਆਂ ਅਤੇ 4200 ਦੇ ਕਰੀਬ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਦੀਆਂ ਮਾਵਾਂ ਨੂੰ 111.11 ਲੱਖ ਰੁਪਏ ਦਾ ਪੋਸ਼ਣ ਮਿਲੇਗਾ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਸ੍ਰੀ ਕਰਨ ਢਿੱਲੋਂ ਨੇ ਦੱਸਿਆ ਕਿ ਇਹ ਫੰਡ ਸਰਕਾਰ ਦੇ ਪੋਸ਼ਣ ਪ੍ਰੋਗਰਾਮ (ਆਈਸੀਡੀਐਸ) ਅਧੀਨ ਮਨਜ਼ੂਰ ਕੀਤੇ ਗਏ ਹਨ, ਜਿਨਾਂ ਨਾਲ 0 ਤੋਂ 6 ਸਾਲ ਉਮਰ ਵਰਗ ਦੇ 13 ਹਜ਼ਾਰ ਬੱਚਿਆਂ ਅਤੇ 4200 ਗਰਭਵਤੀ ਔਰਤਾਂ ਤੇ ਦੁੱਧ ਪਿਲਾਉਦੀਆਂ ਮਾਵਾਂ ਨੂੰ ਜ਼ਿਲਾ ਬਰਨਾਲਾ ਦੇ 669 ਆਂਗਣਵਾੜੀ ਕੇਂਦਰਾਂ ਰਾਹੀਂ ਪੋਸ਼ਕ ਆਹਾਰ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਸਰਕਾਰ ਵੱੱਲੋਂ ਪੋਸ਼ਣ ਅਭਿਆਨ ਰਾਹੀਂ ਔਰਤਾਂ ਅਤੇ ਬੱਚਿਆਂ ਦੇ ਪੌਸ਼ਟਿਕ ਆਹਾਰ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਜ਼ੱਚਾ-ਬੱਚਾ ਸਿਹਤਯਾਬ ਹੋਣ ਨਾਲ ਸਾਡਾ ਸਮਾਜ ਤੇ ਆਉਣ ਵਾਲੀਆਂ ਪੀੜੀਆਂ ਤੰਦਰੁਸਤ ਹੋਣ। ਉਨਾਂ ਕਿਹਾ ਕਿ ਪੋਸ਼ਣ ਪ੍ਰੋਗਰਾਮ ਕੋਵਿਡ ਮਹਾਮਾਰੀ ਦੇ ਨਾਜ਼ੁਕ ਦੌਰ ਵਿਚ ਵੀ ਵਰਦਾਨ ਸਾਬਿਤ ਹੋਇਆ ਹੈ।
ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫਸਰ ਬਰਨਾਲਾ ਕੁਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੋਸ਼ਣ ਪ੍ਰੋਗਰਾਮ ਅਧੀਨ ਕੋਵਿਡ ਦੌਰਾਨ ਭਾਵੇਂ ਕੁਕਿੰਗ ਬੰਦ ਕੀਤੀ ਗਈ ਹੈ, ਪਰ ਆਂਗਣਵਾੜੀ ਵਰਕਰਾਂ ਰਾਹੀਂ ਘਰਾਂ ’ਚ 15 ਦਿਨਾਂ ਬਾਅਦ ਸੁੱਕਾ ਰਾਸ਼ਣ ਭੇਜਿਆ ਜਾਂਦਾ ਹੈ।
ਉਨਾਂ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਵਿਚ ਰਜਿਸਟਰਡ ਬੱਚਿਆਂ ਲਈ ਹਰ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਦੇ ਖਾਣੇ ਲਈ ਮਲਟੀਗ੍ਰੇਨ ਆਟਾ, ਖੀਰ ਦਾ ਸਾਮਾਨ ਤੇ ਮੌਸਮੀ ਸਬਜ਼ੀਆਂ ਸ਼ਾਮਲ ਕੀਤੇ ਜਾਂਦੇ ਹਨ। ਇਸੇ ਤਰਾਂ ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਲਈ ਪੰਜੀਰੀ ਤੇ ਹੋਰ ਸਮੱਗਰੀ ਦਿੱਤੀ ਜਾਂਦੀ ਹੈ।
ਉਨਾਂ ਦੱਸਿਆ ਕਿ 11 ਤੋਂ 14 ਸਾਲ ਉਮਰ ਵਰਗ ਦੀਆਂ ਲੜਕੀਆਂ ਲਈ ਨੂੰ ਵੀ ਪੋਸ਼ਣ ਪ੍ਰੋਗਰਾਮ ਅਧੀਨ ਰਾਸ਼ਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 6 ਮਹੀਨੇ ਤੋਂ 6 ਸਾਲ ਤੱਕ ਦੇ ਕੁਪੋਸ਼ਿਤ ਬੱਚਿਆਂ ਨੂੰ ਸਤੁੰਲਿਤ ਭੋਜਨ ਦਿੱਤਾ ਜਾਂਦਾ ਹੈ ਤਾਂ ਜੋ ਉਹ ਸਿਹਤਯਾਬ ਰਹਿਣ।






