
ਨਵੀਂ ਦਿੱਲੀ 26 ਜੁਲਾਈ (ਬਿਓਰੋ) ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਨਾਲ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ। ਮਹਾਰਾਸ਼ਟਰ ‘ਚ ਹੜ੍ਹ, ਜ਼ਮੀਨ ਖਿਸਕਣ ਤੇ ਭਾਰੀ ਮੀਂਹ ਕਾਰਨ ਹੋਏ ਹਾਦਸਿਆਂ ‘ਚ ਬੀਤੇ 24 ਘੰਟਿਆਂ ‘ਚ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਇਨ੍ਹਾਂ ਹਾਦਸਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 113 ਹੋ ਗਈ ਹੈ ਜਦਕਿ 100 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਦੂਜੇ ਪਾਸੇ ਉਤਰੀ ਕਰਨਾਟਕ ‘ਚ ਬੀਤੇ ਦੋ ਹਫ਼ਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹਜ਼ਾਰਾਂ ਲੋਕ ਉਜੜ ਗਏ ਹਨ।
ਧਿਕਾਰਤ ਬਿਆਨ ਮੁਤਾਬਕ ਸੂਬੇ ਦੇ ਹੇਠਲੇ ਇਲਾਕੇ ਤੋਂ ਹੁਣ ਤਕ ਘੱਟ ਤੋਂ ਘੱਟ 31,360 ਲੋਕਾਂ ਨੂੰ ਕੱਢਿਆ ਗਿਆ ਹੈ। ਪਿਛਲੇ 72 ਘੰਟਿਆਂ ‘ਚ ਘੱਟੋ-ਘੱਟ ਨੌ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਲਾਪਤਾ ਹਨ। ਭਾਰੀ ਮੀਂਹ ਤੇ ਹੜ੍ਹ ਨਾਲ 3,502 ਤੋਂ ਜ਼ਿਆਦਾ ਬਿਜਲੀ ਦੇ ਖੰਭੇ ਉਖੜ ਗਏ ਹਨ। ਜਿਸ ਨਾਲ ਕਈ ਪਿੰਡਾਂ ਦੀ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ। ਇਹੀ ਨਹੀਂ ਲਗਪਗ 59,000 ਹੈਕਟੇਅਰ ‘ਚ ਖੇਤੀ ਫਸਲਾਂ ਤੇ ਲਗਪਗ 2,000 ਹੈਕਟੇਅਰ ਬਾਗਬਾਣੀ ਫਸਲਾਂ ਡੁੱਬ ਗਈਆਂ ਹਨ।
ਕੇਰਲ ਦੇ ਵੱਖ-ਵੱਖ ਇਲਾਕਿਆਂ ‘ਚ ਭਾਰੀ ਮੀਂਹ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਨਿਊਜ਼ ਏਜੰਸੀ ਏਐਨਆਈ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਐਨਡੀਆਰਐਫ ਦੀਆਂ ਲਗਪਗ 150 ਟੀਮਾਂ ਦੇਸ਼ ਭਰ ‘ਚ ਹੜ੍ਹ ਤੇ ਭੂਮੀ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ‘ਚ ਰਾਹਤ ਤੇ ਬਚਾਅ ਕੰਮਾਂ ‘ਚ ਲੱਗੀ ਹੋਈ ਹੈ। ਇਕੱਲੇ ਮਹਾਰਾਸ਼ਟਰ ‘ਚ 34 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੱਤ ਟੀਮਾਂ ਨੂੰ ਕਰਨਾਟਕ ਦੇ ਵੱਖ-ਵੱਖ ਇਲਾਕਿਆਂ ‘ਚ ਤਾਇਨਾਤ ਕੀਤਾ ਗਿਆ ਹੈ। ਐਨਡੀਆਰਐਫ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਭਾਰੀ ਬਾਰਿਸ਼ ਜਾਰੀ ਰਹਿਣ ਦੇ ਚੱਲਦਿਆਂ ਉਨ੍ਹਾਂ ਨੂੰ ਰਾਹਤ ਤੇ ਬਚਾਅ ਕੰਮਾਂ ‘ਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।





