
ਮਾਨਸਾ 16 ਜਨਵਰੀ: ਗੁਰਜੰਟ ਸਿੰਘ ਬਾਜੇਵਾਲੀਆ) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਲਈ ਚੋਣਾਂ ਨਾਲ ਸਬੰਧਤ ਸ਼ਿਕਾਇਤਾਂ ਸਬੰਧੀ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਗਿਆ ਹੈ, ਤਾਂ ਜੋ ਜ਼ਿਲ੍ਹੇ ਅੰਦਰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਕਰਵਾਈਆਂ ਜਾ ਸਕਣ।
ਉਨ੍ਹਾਂ ਦੱਸਿਆ ਕਿ ਸੀ-ਵਿਜਿਲ ਐਪ ਰਾਹੀਂ ਹੁਣ ਤੱਕ 02 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੈਲਪਲਾਈਨ ਨੰਬਰ 1950 ’ਤੇ ਹੁਣ ਤੱਕ 100 ਤੋਂ ਵੀ ਵਧੇਰੇ ਵਿਅਕਤੀ ਚੋਣਾਂ ਸਬੰਧੀ ਸੂਚਨਾ ਪ੍ਰਾਪਤ ਕਰ ਚੁੱਕੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੀ-ਵਿਜਿਲ ’ਤੇ ਆਉਂਦੀ ਸ਼ਿਕਾਇਤ ਨੂੰ ਪ੍ਰਾਪਤ ਹੋਣ ਦੇ ਪੰਜ ਮਿੰਟ ਦੇ ਅੰਦਰ ਹੀ ਫਲਾਇੰਗ ਸਕੂਐਡ ਟੀਮ ਨੂੰ ਭੇਜ ਦਿੱਤਾ ਜਾਂਦਾ ਹੈ ਅਤੇ ਟੀਮ 15 ਮਿੰਟਾਂ ਵਿੱਚ ਸਬੰਧਤ ਥਾਂ ’ਤੇ ਪਹੁੰਚਦੀ ਹੈ। ਉਸ ਤੋਂ ਬਾਅਦ 30 ਮਿੰਟ ਵਿੱਚ ਉਸ ਸ਼ਿਕਾਇਤ ਸਬੰਧੀ ਲੋੜੀਂਦੀ ਜਾਂਚ-ਪੜਤਾਲ ਕਰਨ ਉਪਰੰਤ ਸਬੰਧਤ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਉਸ ਸ਼ਿਕਾਇਤ ’ਤੇ ਅਗਲੇ 50 ਮਿੰਟ ’ਚ ਆਪਣੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਕਰਕੇ ਇਸ ਦਾ ਨਿਪਟਾਰਾ ਕਰ ਦਿੰਦਾ ਹੈ। ਇਸ ਤਰ੍ਹਾਂ ਕੇਵਲ 100 ਮਿੰਟ ਵਿੱਚ ਹੀ ਸ਼ਿਕਾਇਤ ਨੂੰ ਹੱਲ ਕਰਨਾ ਯਕੀਨੀ ਬਣਾਇਆ ਜਾਂਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਪੱਧਰ ’ਤੇ ਚੱਲ ਰਹੇ ਚੋਣ ਅਮਲ ਨਾਲ ਸਬੰਧਤ ਸ਼ਿਕਾਇਤ ਕੇਂਦਰ 24 ਘੰਟੇ ਕੰਮ ਕਰ ਰਹੇ ਹਨ, ਜਿੱਥੇ ਪ੍ਰਾਪਤ ਹੋਈ ਹਰੇਕ ਸ਼ਿਕਾਇਤ ਨੂੰ ਬੜੀ ਹੀ ਗੰਭੀਰਤਾ ਨਾਲ ਲੈ ਕੇ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾਂਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਕੁੱਝ ਸ਼ਿਕਾਇਤਾਂ ਸਿੱਧੇ ਤੌਰ ’ਤੇ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਵੀ ਪੁੱਜਦੀਆਂ ਹਨ ਜਿਨ੍ਹਾਂ ਦਾ ਨਿਪਟਾਰਾ ਕਰਕੇ ਮੁੱਖ ਚੋਣ ਅਫ਼ਸਰ ਨੂੰ ਸੂਚਿਤ ਕੀਤਾ ਜਾਂਦਾ ਹੈ।






