ਚੰਡੀਗੜ੍ਹ, 16 ਮਈ: ਪੰਜਾਬ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਦਿਲਾਉਣ ਲਈ ਜਲਦੀ ਹੀ ਇਕ ਸੂਬਾ ਪੱਧਰੀ ਮੁਹਿੰਮ ਚਲਾਈ ਜਾਵੇਗੀ, ਜਿਨ੍ਹਾਂ ਤੋਂ ਉਹ ਪੂਰੀ ਤਰ੍ਹਾਂ ਪਿੱਛੇ ਹਟ ਚੁੱਕੀ ਹੈ।
ਇੱਥੇ ਸੂਬੇ ਭਰ ਤੋਂ ਪਹੁੰਚੇ ਮੇਅਰਾਂ, ਸੀਨੀਅਰ ਡਿਪਟੀ ਮੇਅਰਾਂ ਅਤੇ ਡਿਪਟੀ ਮੇਅਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਲੋਕ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਗੁੱਸੇ ਹਨ ਅਤੇ ਉਨ੍ਹਾਂ ਦਾ ਇਸ ਤੋਂ ਮੋਹ ਭੰਗ ਹੋ ਚੁੱਕਾ ਹੈ, ਜਿਸ ਨੇ ਖੋਖਲੇ ਦਾਅਵੇ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੂੰ ਭੁੱਲਣ ਨਹੀਂ ਦੇਵਾਂਗੇ ਕਿ ਇਹ ਹਾਲੇ ਸੱਤਾ ਚ ਹਨ ਅਤੇ ਇਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਸਮਾਂ ਹੈ। ਅਸੀਂ ਸਰਕਾਰ ਨੂੰ ਨੀਂਦ ਤੋਂ ਉਠਾਉਣ ਲਈ ਹਰ ਪੱਧਰ ਤੱਕ ਜਾਵਾਂਗੇ।
ਆਸ਼ੂ ਨੇ ਕਿਹਾ ਕਿ ਪਾਰਟੀ ਮੇਅਰਾਂ, ਸੀਨੀਅਰ ਡਿਪਟੀ ਮੇਅਰਾਂ ਅਤੇ ਡਿਪਟੀ ਮੇਅਰਾਂ ਤੋਂ ਸੂਬੇ ਅਤੇ ਸ਼ਹਿਰਾਂ ਦੇ ਹਾਲਾਤਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਸੀ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਮੋਹ ਭੰਗ ਹੋ ਚੁੱਕਾ ਹੈ, ਕਿਉਂਕਿ ਉਹ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਕਰਨ ਚ ਅਸਫਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਮੁਫ਼ਤ ਬਿਜਲੀ ਦੀ ਕੀ ਗੱਲ ਕਰੀਏ, ਭਾਰੀ ਗਰਮੀ ਦੇ ਬਾਵਜੂਦ ਸ਼ਹਿਰੀ ਲੋਕਾਂ ਨੂੰ ਪੈਸੇ ਅਦਾ ਕਰਨ ਤੋਂ ਬਾਅਦ ਵੀ ਬਿਜਲੀ ਨਹੀਂ ਮਿਲ ਰਹੀ, ਜਦਕਿ ਪਿੰਡਾਂ ਚ ਤਾਂ ਪੂਰੀ ਤਰਾਂ ਨਾਲ ਹਨੇਰਾ ਛਾਇਆ ਹੋਇਆ ਹੈ। ਕਾਂਗਰਸ ਜਲਦੀ ਹੀ ਸਰਕਾਰ ਨੂੰ ਉਸ ਦੇ ਵਾਅਦੇ ਯਾਦ ਲਾਹੁਣ ਲਈ ਸੂਬਾ ਪੱਧਰੀ ਮੁਹਿੰਮ ਚਲਾਵੇਗੀ, ਕਿਉਂਕਿ ਇਨ੍ਹਾਂ ਦਾ ਹਨੀਮੂਨ ਪੀਰੀਅਡ ਖ਼ਤਮ ਹੋ ਚੁੱਕਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਲੁਧਿਆਣਾ ਤੋਂ ਮੇਅਰ ਬਲਕਾਰ ਸਿੰਘ ਸੰਧੂ, ਜਲੰਧਰ ਤੋਂ ਜਗਦੀਸ਼ ਰਾਜਾ, ਮੋਹਾਲੀ ਤੋਂ ਅਮਰਜੀਤ ਸਿੱਧੂ ਅਤੇ ਹੁਸ਼ਿਆਰਪੁਰ ਤੋਂ ਸੁਰਿੰਦਰ ਛਿੰਦਾ, ਸੀਨੀਅਰ ਡਿਪਟੀ ਮੇਅਰਾਂ ਚ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ ਤੇ ਮੋਹਾਲੀ ਅਤੇ ਡਿਪਟੀ ਮੇਅਰਾਂ ਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਠਾਨਕੋਟ ਤੇ ਮੁਹਾਲੀ ਦੇ ਸ਼ਾਮਲ ਰਹੇ।







