ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ 124 ਦਿਨਾਂ ਤੋਂ ਭਗੌੜੇ ਹਨ ਤੇ ਅਦਾਲਤ ਦੀ ਸਖ਼ਤੀ ਦੇ ਬਾਵਜੂਦ ਪੰਜਾਬ ਪੁਲਿਸ ਦੇ ਹਾਲੇ ਤੱਕ ਹੱਥ ਖਾਲੀ ਹਨ। ਸਾਬਕਾ ਵਿਧਾਇਕ ਬੈਂਸ ਨੇ ਦੋ ਜ਼ਮਾਨਤ ਅਰਜ਼ੀਆਂ ਲਾਈਆਂ ਸਨ ਤੇ ਉਹ ਦੋਵੇਂ ਹੀ ਹਾਈ ਕੋਰਟ ਨੇ ਖਾਰਜ ਕਰ ਦਿੱਤੀਆਂ।
ਦੱਸ ਦਈਏ ਕਿ 24 ਫਰਵਰੀ ਨੂੰ ਸਾਬਕਾ ਵਿਧਾਇਕ ਬੈਂਸ ਨੂੰ ਸਾਥੀਆਂ ਸਣੇ ਲੁਧਿਆਣਾ ਦੀ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ, ਜਿਸ ਮਗਰੋਂ ਉਹ ਕਦੇ-ਕਦੇ ਸੋਸ਼ਲ ਮੀਡੀਆ ’ਤੇ ਐਕਟਿਵ ਹੁੰਦੇ ਹਨ ਪਰ ਆਪਣੇ ਘਰੋਂ ਤੇ ਦਫ਼ਤਰ ਵਿੱਚੋਂ ਫ਼ਰਾਰ ਚੱਲ ਰਹੇ ਹਨ। ਸਾਬਕਾ ਵਿਧਾਇਕ ਬੈਂਸ, ਉਨ੍ਹਾਂ ਦਾ ਭਰਾ, ਪੀਏ ਤੇ ਹੋਰਨਾਂ ਕਈ ਵਿਅਕਤੀਆਂ ’ਤੇ ਕੇਸ ਦਰਜ ਕਰਵਾਉਣ ਵਾਲੀ ਪੀੜਤ ਔਰਤ ਲਗਾਤਾਰ ਹਾਲੇ ਵੀ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਪ੍ਰਦਰਸ਼ਨ ਕਰਦੀ ਹੈ।

ਔਰਤ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਬੈਂਸ ਨੂੰ ਸਿਆਸੀ ਦਬਾਅ ਕਾਰਨ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ। ਭਗੌੜਾ ਐਲਾਨਣ ਤੋਂ ਬਾਅਦ ਸ਼ਹਿਰ ’ਚ ਸਿਮਰਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ ਗੋਗੀ, ਸੁਖਚੈਨ ਸਿੰਘ, ਬਲਜਿੰਦਰ ਕੌਰ ਤੇ ਜਸਬੀਰ ਕੌਰ ਦੇ ਲੋੜੀਂਦੇ ਹੋਣ ਸਬੰਧੀ ਪੋਸਟਰ ਵੀ ਲਾਏ ਗਏ ਸਨ। ਸੂਤਰਾਂ ਮੁਤਾਬਕ ਮਾਮਲੇ ਵਿੱਚ ਅਦਾਲਤ ਨੇ ਬੈਂਸ ਦੀ ਜਾਇਦਾਦ ਦੀ ਕੁਰਕੀ ਕਰਨ ਦੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਸਨ



